ਬਾਦਲਾਂ ਨੂੰ ਘੇਰਨ ਲਈ ਹੁਣ ਮੈਦਾਨ 'ਚ ਉਤਰੀ ਬੀਬੀ ਢੀਂਡਸਾ, ਕੀਤੇ ਤਿੱਖੇ ਸਵਾਲ

01/13/2020 1:51:24 PM

ਸੰਗਰੁਰ (ਬੇਦੀ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੁਅੱਤਲ ਕਰਨ ਵਾਲੇ ਵਿਅਕਤੀ ਦੱਸਣ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ ਅਤੇ ਪਾਰਟੀ ਨੂੰ ਕੀ ਦੇਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸੁਖਦੇਵ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸ. ਢੀਂਡਸਾ ਨੂੰ ਮੁਅੱਤਲ ਕਰਨ ਸਬੰਧੀ ਲਏ ਗਏ ਫੈਸਲੇ 'ਤੇ ਸਵਾਲ ਉਠਾਉਂਦਿਆਂ ਕੀਤਾ।

ਬੀਬੀ ਢੀਂਡਸਾ ਨੇ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਦੀ ਕੁਰਬਾਨੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੁਰਬਾਨੀ ਦੇ ਬਰਾਬਰ ਹੈ। ਉਨ੍ਹਾਂ ਮੌਜੂਦਾ ਲੀਡਰਸ਼ਿਪ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਅੱਜ ਢੀਂਡਸਾ ਪਰਿਵਾਰ ਨੂੰ ਮੁਅੱਤਲ ਕਰਨ ਦੀ ਗੱਲ ਕਰ ਰਹੇ ਹਨ, ਅਸਲ ਵਿਚ ਜਨਤਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੈ। ਸਿੱਖ ਸੰਗਤ ਅਤੇ ਨਾਨਕ ਨਾਮ ਲੇਵਾ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਜ਼ਿੰਮੇਵਾਰ ਇਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਸ. ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਅਨੇਕਾਂ ਵਾਰ ਜੇਲ ਕੱਟੀ ਹੈ। ਜਦੋਂ ਉਹ ਪਹਿਲੀ ਵਾਰ ਜੇਲ ਗਏ ਸਨ, ਉਦੋਂ ਪਰਮਿੰਦਰ ਸਿੰਘ ਢੀਂਡਸਾ ਦਾ ਜਨਮ ਨਹੀਂ ਹੋਇਆ ਸੀ। ਜਦੋਂ ਸ. ਢੀਂਡਸਾ ਪੰਜਾਬ ਦੇ ਭਲੇ ਅਤੇ ਲੋਕ ਹਿੱਤਾਂ ਲਈ ਦੂਜੀ ਵਾਰ ਜੇਲ ਗਏ, ਉਸ ਵੇਲੇ ਪਰਮਿੰਦਰ ਸਿਰਫ ਦੋ ਸਾਲ ਦਾ ਸੀ ਅਤੇ ਉਹ ਆਪਣੇ ਤਾਏ ਨਾਲ ਉਸ ਦੇ ਮੋਢੇ 'ਤੇ ਬੈਠ ਕੇ ਆਪਣੇ ਪਿਤਾ ਨੂੰ ਮਿਲਣ ਜੇਲ ਗਿਆ ਸੀ। ਸ. ਢੀਂਡਸਾ ਨੂੰ ਪੰਥ ਦੇ ਭਲੇ ਲਈ ਲੜੇ ਜਾ ਰਹੇ ਸੰਘਰਸ਼ ਤੋਂ ਲਾਂਭੇ ਕਰਨ ਲਈ ਉਸ ਸਮੇਂ ਦੀ ਹਕੂਮਤ ਨੇ ਜੇਲ ਦੀ ਅਜਿਹੀ ਕਾਲ ਕੋਠੜੀ ਵਿਚ ਰੱਖਿਆ, ਜਿੱਥੇ ਕੋਈ ਪਰਿੰਦਾ ਵੀ ਨਹੀਂ ਫੜਕ ਸਕਦਾ ਸੀ ਅਤੇ ਨਾ ਹੀ ਕੋਈ ਸਹੂਲਤ ਸੀ। ਜਿੱਥੇ ਉਨ੍ਹਾਂ ਜੇਲ 'ਚ ਖੁਦ ਪੰਥ ਅਤੇ ਸੂਬੇ ਦੇ ਭਲੇ ਲਈ ਅਨੇਕਾਂ ਔਂਕੜਾਂ ਝੱਲੀਆਂ, ਉੱਥੇ ਇਸ ਸਮੇਂ ਦੌਰਾਨ ਮੈਂ ਅਤੇ ਮੇਰੇ ਬੱਚਿਆਂ ਨੇ ਵੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕੀਤਾ।

ਸਾਡਾ ਪਰਿਵਾਰ ਸ਼ੁਰੂ ਤੋਂ ਅਕਾਲੀ ਸੀ, ਅਕਾਲੀ ਹੈ ਅਤੇ ਅਕਾਲੀ ਹੀ ਰਹੇਗਾ। ਸਾਨੂੰ ਅਖੌਤੀ ਲੀਡਰਸ਼ਿਪ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸ. ਸੁਖਦੇਵ ਸਿੰਘ ਢੀਂਡਸਾ ਦੇ ਪਿਤਾ ਜੀ ਦੇ ਬਜ਼ੁਰਗ ਨਾਨਕਿਆਣਾ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰਦੇ ਸਨ। ਉਨ੍ਹਾਂ ਦੀ ਇਸ ਸੇਵਾ ਸਦਕਾ ਹੀ ਢੀਂਡਸਾ ਪਰਿਵਾਰ ਨੂੰ ਅਕਾਲੀ ਲਾਣੇ ਦਾ ਖਿਤਾਬ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਅਕਾਲੀ ਦਲ ਦੀ ਅਖੌਤੀ ਲੀਡਰਸ਼ਿਪ ਵੱਲੋਂ ਕੀਤੀ ਜਾਣ ਵਾਲੀ ਰੈਲੀ 'ਚ ਇਕੱਠ ਦਿਖਾਉਣ ਲਈ ਬਾਹਰਲੇ ਹਲਕਿਆਂ ਤੋਂ ਬੱਸਾਂ ਭਰ ਕੇ ਲੋਕ ਲਿਆਉਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ, ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਤੇ ਨਾਨਕ ਨਾਮ ਲੇਵਾ ਸੰਗਤ ਇਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਵੇਗੀ।


cherry

Content Editor

Related News