ਜਲੰਧਰ ਦੀ ਵਿਦਿਆਰਥਣ ਦੀ ਭਗਵੰਤ ਮਾਨ ਨੂੰ ਵੰਗਾਰ (ਵੀਡੀਓ)
Sunday, Mar 15, 2020 - 06:42 PM (IST)
ਸੰਗਰੂਰ (ਹਨੀ) - ਪ੍ਰਾਈਵੇਟ ਸਕੂਲਾਂ ਵਲੋਂ ਕੀਤੀ ਜਾਂਦੀ ਜਾ ਰਹੀ ਲੁੱਟ ਦੇ ਖਿਲਾਫ ਜਲੰਧਰ ਦੀ ਵਿਦਿਆਰਥਣ ਨੋਬਲ ਵਲੋਂ ਅੱਜ ਸੰਗਰੂਰ ਜ਼ਿਲੇ 'ਚ ਭਗਵੰਤ ਮਾਨ ਦੇ ਦਫਤਰ ਅੱਗੇ ਧਰਨਾ ਲਗਾਉਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕੁੜੀ ਪਿਛਲੇ 4 ਸਾਲ ਤੋਂ ਪ੍ਰਾਇਵੇਟ ਸਕੂਲਾਂ ਦੇ ਖਿਲਾਫ ਸੰਘਰਸ਼ ਕਰ ਰਹੀ ਹੈ। ਉਹ ਕਈ ਵਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਵਿਰੋਧੀ ਦਲ ਦੇ ਆਗੂ ਹਰਪਾਲ ਚੀਮਾ ਨੂੰ ਮੰਗ-ਪੱਤਰ ਦੇ ਚੁੱਕੀ ਹੈ। ਆਮ ਆਦਮੀ ਪਾਰਟੀ ਨੂੰ ਉਸਦੇ ਫਰਜ਼ ਯਾਦ ਦਿਵਾਉਣ ਦੇ ਲਈ 'ਆਪ' ਪ੍ਰਧਾਨ ਭਗਵੰਤ ਮਾਨ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੀ ਹੋਈ ਹੈ। ਪ੍ਰਾਈਵੇਟ ਸਕੂਲ ਮਾਫੀਆ ਵਿਰੁੱਧ ਸੰਘਰਸ਼ਸ਼ੀਲ ਵਿਦਿਆਰਥਣ ਨੋਬਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੰਗ ਕੀਤੀ ਕਿ ਪ੍ਰਾਈਵੇਟ ਸਕੂਲ ਮਾਫ਼ੀਆ ਵਿਰੁੱਧ ਸੰਘਰਸ਼ ਵਿੱਢਿਆ ਜਾਵੇ ਅਤੇ ਆਮ ਆਦਮੀ ਪਾਰਟੀ ਵਲੋਂ ਵਿਦਿਆਰਥੀਆਂ ਦੇ ਹੱਕ ’ਚ ਆਪਣੀ ਬਣਦੀ ਭੂਮਿਕਾ ਨਿਭਾਈ ਜਾਵੇ।
ਪੜ੍ਹੋ ਇਹ ਖਬਰ ਵੀ - 'ਪੁਲਸ ਮਾਫੀਆ ਤੇ ਬਾਲੜੀਆਂ ਨਾਲ ਹਿੰਸਕ ਵਰਤਾਰਾ ਮੁਰਦਾਬਾਦ' ਦੇ ਨਾਅਰਿਆਂ ਨਾਲ ਗੂੰਜਿਆ ਜਲੰਧਰ
ਜ਼ਿਕਰਯੋਗ ਹੈ ਕਿ ਵਿਦਿਆਰਥਣ ਨੋਬਲ ਨੌਵੀਂ ਜਮਾਤ ਤੋਂ ਹੀ ਸਕੂਲ ਮਾਫ਼ੀਆ ਦੇ ਵਿਰੁੱਧ ਸੰਘਰਸ਼ ਕਰ ਰਹੀ ਹੈ। ਉਹ ਕੁੜੀ ਵਿਰੋਧੀ ਧਿਰ ਦੇ ਹਰ ਲੀਡਰ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ, ਹਰਪਾਲ ਚੀਮਾ, ਭਗਵੰਤ ਮਾਨ, ਮੁਨੀਸ਼ ਸਿਸੋਦੀਆ ਨੂੰ ਸਮੇਂ-ਸਮੇਂ ਸਿਰ ਮੰਗ-ਪੱਤਰ ਦੇ ਕੇ ਸਕੂਲ ਮਾਫੀਆ ਨੂੰ ਨੱਥ ਪਾਉਣ ਦੀ ਅਪੀਲ ਕਰਦੀ ਆ ਰਹੀ ਹੈ ਤਾਂ ਜੋ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਦੀ ਆਰਥਕ ਅਤੇ ਮਾਨਸਕ ਲੁੱਟ ਰੋਕੀ ਜਾ ਸਕੇ। ਉਸ ਦੇ ਇਸ ਸੰਘਰਸ਼ ਦੇ ਬਾਵਜੂਦ ਉਸ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਇਸੇ ਕਰਕੇ ਉਹ ਅੱਜ ਸੰਗਰੂਰ ਵਿਖੇ ਭਗਵੰਤ ਮਾਨ ਦੇ ਦਫਤਰ ਦੇ ਬਾਹਰ ਧਰਨਾ ਲਗਾ ਕੇ ਬੈਠੀ ਹੋਈ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੀ ਮੰਗ ਪੂਰੀ ਨਾ ਹੋਈ ਤਾਂ ਭਗਵੰਤ ਮਾਨ ਦੇ ਘਰ ਦਾ ਕੁਨੈਕਸ਼ਨ ਕੱਟ ਦਿਆਂਗੀ। ਨੋਬਲ ਦੀ ਮੰਗ ਹੈ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਹੋਣ ਦਾ ਫਰਜ਼ ਨਿਭਾਉਂਦੇ ਹੋਏ ਪੰਜਾਬ ਦੇ ਐਜੂਕੇਸ਼ਨ ਸਿਸਟਮ ਤੇ ਪ੍ਰਾਈਵੇਟ ਸਕੂਲਾਂ ਖਿਲਾਫ ਆਵਾਜ਼ ਚੁੱਕੇ ।
ਪੜ੍ਹੋ ਇਹ ਖਬਰ ਵੀ - ਯੂਨੀਵਰਸਿਟੀ ਕੈਂਪਸ 'ਚ ਸੰਘਰਸ਼ ਦੌਰਾਨ 9 ਵਿਦਿਆਰਥੀ ਜ਼ਖਮੀ, 11 ਗ੍ਰਿਫਤਾਰ (ਤਸਵੀਰਾਂ)
ਨੋਬਲ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਇਕ ਵੀ ਅਫ਼ਸਰ ਜਾਂ ਲੀਡਰ ਪ੍ਰਾਈਵੇਟ ਸਕੂਲ ਮਾਫ਼ੀਆ ਵਿਰੁੱਧ ਜ਼ੁਬਾਨ ਖੋਲ੍ਹਣ ਲਈ ਤਿਆਰ ਨਹੀਂ, ਜਿਸ ਕਾਰਣ ਮਾਪੇ ਅਤੇ ਵਿਦਿਆਰਥੀ ਨਿਰੰਤਰ ਲੁੱਟੇ ਜਾ ਰਹੇ ਹਨ।ਭਗਵੰਤ ਮਾਨ ਦੀ ਗੈਰ-ਹਾਜ਼ਰੀ ’ਚ ਨਰਿੰਦਰ ਕੌਰ ਭਰਾਜ (ਜ਼ਿਲਾ ਯੂਥ ਪ੍ਰਧਾਨ) ਅਤੇ ਗੁਰਚਰਨ ਸਿੰਘ ਈਲਵਾਲ ਨੂੰ ਮੰਗ-ਪੱਤਰ ਦਿੰਦਿਆਂ ਉਸ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਹਿਲਾਂ ਸੂਚਨਾ ਦੇਣ ਦੇ ਬਾਵਜੂਦ ਦਫ਼ਤਰ ਤੋਂ ਗੈਰ-ਹਾਜ਼ਰ ਰਹੇ। ਇਸ ਉਪਰੰਤ ਨਰਿੰਦਰ ਕੌਰ ਭਰਾਜ ਨੇ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਜਲਦ ਹੀ ਪ੍ਰਾਈਵੇਟ ਸਕੂਲ ਮਾਫੀਆ ਵਿਰੁੱਧ ਸੰਘਰਸ਼ ਕਰੇਗੀ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਬਿਸ਼ਨ ਦਾਸ ਸਹੋਤਾ, ਵਿਦਿਆਰਥਣਾਂ ਆਂਚਲ ਅਤੇ ਡੋਲੀ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            