ਪਿੰਡ ਦੇ ਲੋਕਾਂ ਲਈ ਸਰਪੰਚ ਨੇ ਬਣਵਾ ਦਿੱਤਾ ਏ. ਸੀ. ਬੱਸ ਸਟੈਂਡ (ਵੀਡੀਓ)
Saturday, Feb 08, 2020 - 10:09 AM (IST)
ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ 22 ਜ਼ਿਲਿਆ ਦੇ ਮੇਅਰ ਜੋ ਨਾ ਕਰ ਸਕੇ ਉਹ ਕੰਮ ਲਹਿਰਾਗਾਗਾ ਵਿਚ ਪੈਂਦੇ ਪਿੰਡ ਭੁਟਾਲ ਕਲਾਂ ਦੇ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਨੇ ਕਰ ਵਿਖਾਇਆ ਹੈ। ਪਿੰਡ ਦੇ ਛੋਟੇ ਜਿਹੇ ਅੱਡੇ ਨੂੰ ਏਅਰ ਕੰਡੀਸ਼ਨ ਵਾਲਾ ਬੱਸ ਸਟੈਂਡ ਬਣਾ ਦਿੱਤਾ ਗਿਆ ਹੈ ਅਤੇ ਇਹ ਦੇਸ਼ ਦਾ ਪਹਿਲਾ ਏ.ਸੀ. ਬੱਸ ਸਟੈਂਡ ਹੈ। ਖੂਬਸੂਰਤ ਤਰੀਕੇ ਨਾਲ ਤਿਆਰ ਕੀਤੇ ਬੱਸ ਸਟੈਂਡ ਵਿਚ ਪਿੰਡਵਾਸੀਆਂ ਦੀ ਸਹੁਲਤ ਦੀ ਹਰੇਕ ਚੀਜ ਮੌਜੂਦ ਹੈ। ਇਸ ਤੋਂ ਇਲਾਵਾ ਪਿੰਡ ਦੇ ਮੁੱਖ ਚੋਰਾਹਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਗਏ ਹਨ ਅਤੇ ਇਕ ਕੰਟਰੋਲ ਰੂਮ ਬਣਾ ਕੇ ਪੂਰੇ ਪਿੰਡ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਸ਼ੁਕਰਵਾਰ ਨੂੰ ਇਸ ਦਾ ਉਦਘਾਟਨ ਕੀਤਾ।
ਸਰਪੰਚ ਗੁਰਵਿੰਦਰ ਮੁਤਾਬਕ ਇਸ ਸਾਰੇ ਪ੍ਰਾਜੈਕਟ ਵਿਚ 8 ਲੱਖ ਰੁਪਏ ਖਰਚੇ ਗਏ ਹਨ, ਜਦਕਿ ਟੀਚਾ 15 ਲੱਖ ਨਾਲ ਪੂਰੇ ਪਿੰਡ ਨੂੰ ਮਾਡਰਨ ਸੁਵਿਧਾਵਾਂ ਨਾਲ ਲੈਸ ਕਰਨਾ ਹੈ। ਪਿੰਡ ਵਾਸੀ ਇਸ ਨੌਜਵਾਨ ਸਰਪੰਚ ਦੇ ਕੰਮਕਾਜ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਜਦੋਂ ਨੌਜਵਾਨ ਪੀੜੀ ਦੇ ਹੱਥ ਪਿੰਡ, ਸੂਬੇ ਜਾਂ ਦੇਸ਼ ਦੀ ਕਮਾਨ ਹੋਵੇਗੀ ਤਾਂ ਅਜਿਹੇ ਅਜੂਬੇ ਵੇਖਣ ਨੂੰ ਹੀ ਮਿਲਣਗੇ। ਇਹੋ ਕਾਰਨ ਹੈ ਕਿ ਸਿਆਸੀ ਮਾਹਿਰ ਸਿਆਸਤ ਦੇ ਵਿਚ ਨੌਜਵਾਨ ਪੀੜੀ ਦੀ ਮੌਜੂਦਗੀ ਨੂੰ ਲਾਜ਼ਮੀ ਮੰਨਦੇ ਰਹੇ ਹਨ।