ਸੰਗਰੂਰ 'ਚ ਪਰਾਲੀ ਸਾੜਨ ਦੇ ਮਾਮਲੇ 'ਚ ਹੁਣ ਤੱਕ 200 FIR ਦਰਜ
Thursday, Nov 14, 2019 - 01:32 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਜ਼ਿਲਾ ਸੰਗਰੂਰ ਵਿਚ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਤੇਜ਼ ਕੀਤੀ ਚੌਕਸੀ ਮੁਹਿੰਮ ਤਹਿਤ ਹੁਣ ਤੱਕ 200 ਐੱਫ. ਆਈ. ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਮਾਮਲੇ 'ਚ 142 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 9 ਸਬ-ਡਵੀਜ਼ਨਲ ਸਾਂਝੀਆਂ ਟੀਮਾਂ ਦੀ ਨਿਗਰਾਨੀ ਹੇਠ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਹਰੇਕ ਪਿੰਡ 'ਚ ਪੂਰੀ ਚੌਕਸੀ ਵਰਤੀ ਗਈ ਅਤੇ ਧਾਰਾ 188 ਤਹਿਤ 17 ਐੱਫ਼. ਆਈ. ਆਰਜ਼ ਦਰਜ ਕਰ ਕੇ 27 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਚੌਕਸੀ ਟੀਮਾਂ ਦੀ ਪ੍ਰੇਰਨਾ ਸਦਕਾ ਕਈ ਕਿਸਾਨਾਂ ਨੇ ਮੌਕੇ 'ਤੇ ਹੀ ਪਰਾਲੀ ਸਾੜਨ ਤੋਂ ਤੌਬਾ ਕੀਤੀ ਅਤੇ ਭਵਿੱਖ 'ਚ ਵੀ ਪਰਾਲੀ ਨਾ ਸਾੜਨ ਦਾ ਪ੍ਰਣ ਕੀਤਾ। ਇਸ ਦੌਰਾਨ ਕਈ ਕਿਸਾਨਾਂ ਨੇ ਰਹਿੰਦ-ਖੂੰਹਦ ਨਾ ਸਾੜਣ ਲਈ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਦੇ ਫਾਰਮ ਵੀ ਭਰੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸਕੀਮ ਦਾ ਲਾਭ ਹਾਸਲ ਕਰਨ ਲਈ 965 ਕਿਸਾਨਾਂ ਵੱਲੋਂ ਆਪਣੇ ਬਿਨੈ-ਪੱਤਰ ਜਮ੍ਹਾ ਕਰਵਾਏ ਗਏ ਹਨ।