ਸੰਗਰੂਰ ਪੁਲਸ ਨੇ ਇਕ ਗੈਂਗਸਟਰ ਸਣੇ 3 ਵਿਅਕਤੀ ਕਾਬੂ ਕਰ ਕੇ ਹਥਿਆਰ ਕੀਤੇ ਬਰਾਮਦ

Saturday, Jul 02, 2022 - 05:29 PM (IST)

ਸੰਗਰੂਰ (ਬੇਦੀ) : ਸੰਗਰੂਰ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਪਿਸਟਲ 32 ਬੋਰ, ਤਿੰਨ ਮੈਗਜ਼ੀਨ, 20 ਕਾਰਤੂਸ 32 ਬੋਰ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਲਾਈਨ ’ਚ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਦੀ ਨਾਕਾਬੰਦੀ ਦੌਰਾਨ ਉੱਭਾਵਾਲ ਰੋਡ ਤੋਂ ਸੂਆ ਪਟੜੀ ਬਰਨਾਲਾ ਰੋਡ ਸੰਗਰੂਰ ਤੋਂ ਰਫੀ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ, ਹਰਜੀਤ ਸਿੰਘ ਉਰਫ ਡਿਪਨ ਪੁੱਤਰ ਸੁਰਜੀਤ ਸਿੰਘ ਵਾਸੀ ਸੁੰਦਰ ਬਸਤੀ ਸੰਗਰੂਰ, ਬੀ ਕੈਟਾਗਰੀ ਗੈਂਗਸਟਰ ਅਵਰਜੀਤ ਸਿੰਘ ਉਰਫ ਬਾਬੂ ਰਈਆ ਪੁੱਤਰ ਲੇਟ ਰਤਨ ਸਿੰਘ ਵਾਸੀ ਰਈਆ ਥਾਣਾ ਬਿਆਸ ਨੂੰ ਕਾਰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਪਿਸਟਲ 32 ਬੋਰ, ਤਿੰਨ ਮੈਗਜ਼ੀਨ, 20 ਕਾਰਤੂਸ 32 ਬੋਰ ਦੇ ਬਰਾਮਦ ਕੀਤੇ। ਇਸ ਉਪਰੰਤ ਇਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਰਫੀ ਕੁਮਾਰ ਦੀ ਪ੍ਰੇਮ ਸਿੰਘ ਉਰਫ ਪ੍ਰੇਮਾ ਵਾਸੀ ਅਜੀਤ ਨਗਰ ਬਸਤੀ ਸੰਗਰੂਰ ਨਾਲ ਆਪਸੀ ਰੰਜਿਸ਼ ਚੱਲੀ ਆ ਰਹੀ ਹੈ।

ਆਪਸੀ ਖਹਿਬਾਜ਼ੀ ਤੇ ਪਾਰਟੀਬਾਜ਼ੀ ਹੋਣ ਕਰਕੇ ਰਫੀ ਕੁਮਾਰ ਅਤੇ ਇਸ ਦੇ ਸਾਥੀ ਹਰਜੀਤ ਸਿੰਘ ਉਰਫ ਡਿਪਨ ਨੇ ਗੈਂਗਸਟਰ ਅਵਰਜੀਤ ਸਿੰਘ ਉਰਫ ਬਾਬੂ ਰਈਆ ਦਾ ਸਹਾਰਾ ਲਿਆ ਤਾਂ ਜੋ ਇਕ ਨਵਾਂ ਗੈਂਗ ਸਥਾਪਿਤ ਕਰ ਕੇ ਪ੍ਰੇਮ ਕੁਮਾਰ ਉਰਫ ਪ੍ਰੇਮਾ ਤੋਂ ਬਦਲਾ ਲਿਆ ਜਾ ਸਕੇ। 1 ਜੁਲਾਈ ਨੂੰ ਬੱਸ ਸਟੈਂਡ ਸੰਗਰੂਰ ਦੇ ਸਾਈਕਲ ਸਟੈਂਡ ਦੀ ਪਾਰਕਿੰਗ ਦੇ ਠੇਕੇ ਦੀ ਬੋਲੀ ਹੋਈ ਸੀ, ਜਿਸ ’ਚ ਸਹਾਇਤਾ ਲੈਣ ਲਈ ਰਫੀ ਕੁਮਾਰ ਅਤੇ ਹਰਜੀਤ ਸਿੰਘ ਉਰਫ ਡਿਪਨ ਨੇ ਅਵਰਜੀਤ ਸਿੰਘ ਉਰਫ ਬਾਬੂ ਰਈਆ ਨੂੰ ਬੁਲਾਇਆ ਸੀ ਤਾਂ ਜੋ ਲੜਾਈ-ਝਗੜੇ ਦੀ ਸੂਰਤ ’ਚ ਵਿਰੋਧੀ ਪਾਰਟੀ ਨੂੰ ਡਰਾ-ਧਮਕਾ ਕੇ ਬੋਲੀ ਆਪਣੇ ਹੱਕ ’ਚ ਕਰ ਸਕਣ। ਇਹ ਬੋਲੀ ਹਰਜੀਤ ਸਿੰਘ ਉਰਫ ਡਿਪਨ ਦੇ ਹੱਕ ’ਚ ਹੋ ਗਈ ਸੀ। ਇਹ ਅਸਲਾ ਐਮੁਨੀਸ਼ਨ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਤੋਂ ਖਰੀਦ ਕੇ ਲਿਆਏ ਸਨ। ਉਨ੍ਹਾਂ ਦੱਸਿਆ ਕਿ ਇਹ 1 ਜੁਲਾਈ ਨੂੰ ਉੱਭਾਵਾਲ ਰੋਡ ’ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਸਨ ਪਰ ਵਾਰਦਾਤ ਤੋਂ ਪਹਿਲਾਂ ਹੀ ਪੁਲਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਿੰਨਾਂ ਕਥਿਤ ਦੋਸ਼ੀਆਂ ਦਾ ਕ੍ਰਿਮੀਨਲ ਰਿਕਾਰਡ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਅਵਰਜੀਤ ਸਿੰਘ ਉਰਫ ਬਾਬੂ ਰਈਆ ਦੇ ਖ਼ਿਲਾਫ਼ 28 ਮੁਕੱਦਮੇ ਹਨ ਅਤੇ ਇਹ ਬੀ ਕੈਟਾਗਰੀ ਦਾ ਗੈਂਗਸਟਰ ਹੈ। ਇਸ ਤੋਂ ਇਲਾਵਾ ਰਫੀ ਕੁਮਾਰ ਦੇ ਖ਼ਿਲਾਫ 7 ਮੁਕੱਦਮੇ ਅਤੇ ਹਰਜੀਤ ਸਿੰਘ ਉਰਫ ਡਿਪਨ ਦੇ ਖ਼ਿਲਾਫ਼ 1 ਮੁਕੱਦਮਾ ਦਰਜ ਕੀਤਾ ਹੈ।


Manoj

Content Editor

Related News