ਘੁੱਗੀ ਨੇ ਕੀਤਾ ਭਗਵੰਤ ਮਾਨ ਦੇ ਵਿਰੋਧੀ ਉਮੀਦਵਾਰ ਕੇਵਲ ਢਿੱਲੋਂ ਲਈ ਚੋਣ ਪ੍ਰਚਾਰ (ਵੀਡੀਓ)

Tuesday, May 14, 2019 - 12:46 PM (IST)

ਸੰਗਰੂਰ (ਰਾਜੇਸ਼ ਕੋਹਲੀ) : ਕਿਸੇ ਵੇਲੇ 'ਆਪ' ਦੇ ਪੰਜਾਬ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਘੁੱਗੀ, ਅੱਜ ਕਾਂਗਰਸ ਦੀ ਸਟੇਜ 'ਤੇ ਨਜ਼ਰ ਆਏ। ਦਰਅਸਲ ਸੰਗਰੂਰ ਪਹੁੰਚੇ ਗੁਰਪ੍ਰੀਤ ਘੁੱਗੀ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਪਿੰਡ ਵਾਸੀਆਂ ਤੋਂ ਕਾਂਗਰਸ ਲਈ ਵੋਟਾਂ ਮੰਗੀਆਂ ਤੇ ਆਪਣੇ ਪੁਰਾਣੇ ਸਾਥੀਆਂ ਨੂੰ ਰੱਜ ਕੇ ਭੰਡਿਆ। ਭਗਵੰਤ ਮਾਨ ਦੀ ਸ਼ਰਾਬ ਤੇ ਕੇਜਰੀਵਾਲ ਦੇ ਪੰਜਾਬ ਦੌਰੇ 'ਤੇ ਵਿਅੰਗ ਕਰਨ ਤੋਂ ਵੀ ਗੁਰਪ੍ਰੀਤ ਘੁੱਗੀ ਪਿੱਛੇ ਨਹੀਂ ਰਹੇ। ਹਾਲਾਂਕਿ ਉਨ੍ਹਾਂ ਆਪਣੇ ਇਥੇ ਆਉਣ ਦਾ ਕਾਰਨ ਸਿਆਸੀ ਨਾ ਹੋ ਕੇ ਢਿੱਲੋਂ ਪਰਿਵਾਰ ਨਾਲ ਨਿੱਜੀ ਰਿਸ਼ਤੇ ਤੇ ਪ੍ਰੇਮ ਨੂੰ ਦੱਸਿਆ। ਘੁੱਗੀ ਦਾ ਕਹਿਣਾ ਹੈ ਕਿ ਜਦੋਂ ਤੋਂ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਛੱਡੀ ਹੈ, ਮੈਨੂੰ ਕਈ ਪਾਰਟੀਆਂ ਵੱਲੋਂ ਆਫਰ ਆਇਆ ਪਰ ਮੈਂ ਕਿਸੇ ਨੂੰ ਹਾਮੀ ਨਹੀਂ ਭਰੀ। ਕੇਵਲ ਸਿੰਘ ਢਿੱਲੋਂ ਇੱਕ ਸੱਚੇ ਇਨਸਾਨ ਹਨ ਤੇ ਮੇਰੇ ਪਰਿਵਾਰਕ ਦੋਸਤ ਹਨ। ਇਸੇ ਲਈ ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਿਹਾ ਹਾਂ। ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ ਕਿ ਪਿਛਲੀ ਵਾਰ ਮਾਨ ਦੇ ਜਿੱਤਣ 'ਤੇ ਸਾਨੂੰ ਸਭ ਨੂੰ ਬੇਹੱਦ ਖੁਸ਼ੀ ਹੋਈ ਸੀ। ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਤਾਂ ਸੀ ਪਰ ਵਾਅਦੇ ਪੂਰੇ ਨਹੀਂ ਕੀਤੇ।

PunjabKesari

ਇਸ ਮੌਕੇ ਕੇਵਲ ਸਿੰਘ ਢਿੱਲੋਂ ਦੇ ਪੁੱਤਰ ਕਰਨ ਢਿੱਲੋਂ ਨੇ ਵੀ ਗੁਰਪ੍ਰੀਤ ਘੁੱਗੀ ਨੂੰ ਫੈਮਿਲੀ ਫਰੈਂਡ ਦੱਸਿਆ ਤੇ ਇਕ ਸੁੱਗੜ ਸਿਆਸਤਦਾਨ ਵਾਂਗ ਕੇਜਰੀਵਾਲ ਦੇ ਦੌਰੇ 'ਤੇ ਟਿੱਪਣੀ ਵੀ ਕੀਤੀ। ਭਾਂਵੇ ਕਾਰਨ ਕੋਈ ਵੀ ਹੋਵੇ ਪਰ 'ਆਪ' ਨਾਲੋਂ ਨਾਤਾ ਤੋੜਣ ਤੋਂ ਲੰਮੇ ਸਮੇਂ ਬਾਅਦ ਗੁਰਪ੍ਰੀਤ ਘੁੱਗੀ ਦਾ ਕਿਸੇ ਸਿਆਸੀ ਸਟੇਜ 'ਤੇ ਦਿਖਾਈ ਦੇਣਾ ਵੀ ਚਰਚਾ ਛੇੜ ਗਿਆ ਹੈ। ਹਾਲਾਂਕਿ ਗੁਰਪ੍ਰੀਤ ਨੇ ਫਿਲਹਾਲ ਸਿਆਸਤ 'ਚ ਨਾ ਆਉਣ ਦੀ ਗੱਲ ਕਹੀ ਹੈ।


author

cherry

Content Editor

Related News