ਘੱਗਰ ਦਾ ਸਥਾਈ ਹੱਲ ਲੱਭੇਗਾ ਅਕਾਲੀ ਦਲ (ਵੀਡੀਓ)
Friday, Jul 26, 2019 - 11:37 AM (IST)
ਸੰਗਰੂਰ (ਪ੍ਰਿੰਸ) : ਸਾਬਕਾ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਅਤੇ ਕਾਂਗਰਸ ਸਰਕਾਰ ਨੂੰ ਜਮ ਕੇ ਕੋਸਿਆ। ਉਨ੍ਹਾਂ ਕਿਹਾ ਕਿ ਇੰਨਾਂ ਕੁੱਝ ਹੋ ਜਾਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਜਲ ਸ਼ਕਤੀ ਮੰਤਰੀ ਸ਼੍ਰੀ ਸ਼ੇਖਾਵਤ ਨੂੰ ਮਿਲ ਕੇ ਸੰਕਟ ਤੋਂ ਜਾਣੂ ਕਰਵਾ ਦਿੱਤਾ ਹੈ ਤੇ ਵਿਸਥਾਰ ਵਿਚ ਰਿਪੋਰਟ ਦੇਣ ਲਈ ਅੱਜ ਭਾਵ 26 ਜੁਲਾਈ ਨੂੰ ਉਚ ਪੱਧਰੀ ਡੈਲੀਗੇਸ਼ਨ ਸ਼੍ਰਮ ਸ਼ਕਤੀ ਭਵਨ ਵਿਚ ਸਵੇਰੇ 11 ਵਜੇ ਜਲ ਸ਼ਕਤੀ ਮੰਤਰੀ ਸੈਂਟਰਲ ਵਾਟਰ ਕਮਿਸ਼ਨ ਦੇ ਅਧਿਕਾਰੀ ਅਤੇ ਸਕੱਤਰ ਨੂੰ ਮਿਲ ਕੇ ਆਪਣੀਆਂ ਮੰਗਾਂ ਰੱਖੇਗਾ ਅਤੇ ਘੱਗਰ ਦਾ ਸਥਾਈ ਹੱਲ ਲੱਭਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਾਂਗਰਸ ਦੀ ਨੇਤਾ ਬੀਬੀ ਰਾਰਿੰਦਰ ਕੌਰ ਭੱਠਲ ਨੇ ਲੋਕਾਂ ਨਾਲ ਝੂਠ ਬੋਲਿਆ ਹੈ ਕਿ ਜੋ ਕੰਮ ਹੋਇਆ ਹੈ ਉਹ ਕਾਂਗਰਸ ਦੇ ਸਮੇਂ ਹੋਇਆ ਹੈ, ਜਦੋਂਕਿ 2009 ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਰਹਿੰਦੇ ਹੋਏ ਘੱਗਰ ਦਰਿਆ ਦਾ 20 ਕਿਲੋਮੀਟਰ ਤੱਕ ਦਾ ਕਿਨਾਰਾ ਪੱਕਾ ਕਰਨ ਲਈ ਨੀਂਹ ਪੱਥਰ ਰੱਖਿਆ ਸੀ ਅਤੇ 2 ਮਹੀਨਿਆਂ ਵਿਚ ਇਸ ਕੰਮ ਨੂੰ ਪੂਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਅੱਗੇ ਸ਼ੁਰੂਆਤ ਕਰਨ ਲੱਗੇ ਤਾਂ ਹਰਿਆਣਾ ਸਰਕਾਰ ਨੇ ਸਟੇਅ ਲੈ ਲਿਆ ਸੀ, ਜਿਸ ਕਾਰਨ ਕੰਮ ਅੱਧ ਵਿਚਾਲੇ ਰੁੱਕ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਝੂਠ ਬੋਲਣ ਵਿਚ ਮਾਹਰ ਹਨ।