ਸੰਗਰੂਰ ਦੇ DC ਨੇ 10ਵੀਂ ਤੇ 7ਵੀਂ ਦੀ ਵਿਦਿਆਰਥਣਾਂ ਦੀ ਇੱਛਾ ਕੀਤੀ ਪੂਰੀ, ਕੁੱਝ ਸਮੇਂ ਲਈ ਦੋਵੇਂ ਭੈਣਾਂ ਬਣੀਆਂ ਡੀ. ਸੀ

Friday, Dec 09, 2022 - 03:29 PM (IST)

ਸੰਗਰੂਰ ਦੇ DC ਨੇ 10ਵੀਂ ਤੇ 7ਵੀਂ ਦੀ ਵਿਦਿਆਰਥਣਾਂ ਦੀ ਇੱਛਾ ਕੀਤੀ ਪੂਰੀ, ਕੁੱਝ ਸਮੇਂ ਲਈ ਦੋਵੇਂ ਭੈਣਾਂ ਬਣੀਆਂ ਡੀ. ਸੀ

ਸੰਗਰੂਰ(ਵਿਜੈ ਕੁਮਾਰ ਸਿੰਗਲਾ) : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਪਣੇ ਹੈੱਡ ਮਾਸਟਰ ਤੇ ਅਧਿਆਪਕਾਵਾਂ ਸਮੇਤ ਡਿਪਟੀ ਕਮਿਸ਼ਨਰ ਨਾਲ ਮਿਲਣ ਦੀ ਇੱਛਾ ਲੈ ਕੇ ਆਈਆਂ ਸਰਕਾਰੀ ਹਾਈ ਸਕੂਲ ਮੰਗਵਾਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਾਲ ਮੁਲਾਕਾਤ ਕੀਤੀ। ਡੀ. ਸੀ. ਜਤਿੰਦਰ ਜੋਰਵਾਲ ਨੇ ਦੋਵੇਂ ਵਿਦਿਆਰਥਣਾਂ ਨੂੰ ਕੁਝ ਪਲਾਂ ਲਈ ਡੀ. ਸੀ.  ਸੰਗਰੂਰ ਦੀ ਕੁਰਸੀ 'ਤੇ ਬਿਠਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਗੈਰ ਰਸਮੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਜਦੋਂ ਇਨ੍ਹਾਂ ਬੱਚੀਆਂ ਨੇ ਭਵਿੱਖ ਵਿੱਚ ਡੀ. ਸੀ. ਬਣਨ ਦੀ ਤਾਂਘ ਪ੍ਰਗਟਾਈ ਤਾਂ ਡੀ. ਸੀ. ਨੇ ਕਿਹਾ ਕਿ ਤੁਹਾਡੀ ਇਸ ਇੱਛਾ ਨੂੰ ਹੁਣੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਖ਼ੁਦ ਸੀਟ ਤੋਂ ਉਠ ਕੇ ਪਹਿਲਾਂ 7ਵੀਂ ਕਲਾਸ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਅਤੇ ਫਿਰ ਉਸਦੀ ਕਰੀਬ 16 ਕੁ ਵਰ੍ਹਿਆ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਕੁਝ ਪਲਾਂ ਲਈ ਡਿਪਟੀ ਕਮਿਸ਼ਨਰ ਦੀ ਸੀਟ 'ਤੇ ਬਿਠਾਇਆ। 

ਇਹ ਵੀ ਪੜ੍ਹੋ- ਜ਼ੀਰਾ ਨੇੜਿਓਂ ਮਿਲਿਆ ਫਰੀਦਕੋਟ ਤੋਂ ਲਾਪਤਾ ਹੋਇਆ 11 ਸਾਲਾ ਬੱਚਾ, ਸਾਹਮਣੇ ਆਈ ਹੈਰਾਨ ਕਰਦੀ ਗੱਲ

ਡੀ. ਸੀ. ਜੋਰਵਾਲ ਨੇ ਕਿਹਾ ਕਿ ਜ਼ਿੰਦਗੀ ਵਿਚ ਮਿਹਨਤ ਦਾ ਕੋਈ ਬਦਲ ਨਹੀਂ ਅਤੇ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਵਿੱਚ ਆਤਮ ਵਿਸ਼ਵਾਸ ਤੇ ਦ੍ਰਿੜ ਇਰਾਦਾ ਹੋਵੇ ਤਾਂ ਅਜਿਹਾ ਕੋਈ ਵੀ ਮੁਕਾਮ ਨਹੀਂ, ਜੋ ਪ੍ਰਾਪਤ ਨਾ ਕੀਤਾ ਜਾ ਸਕਦਾ ਹੋਵੇ। ਜ਼ਿਕਰਯੋਗ ਹੈ ਕਿ ਗਰੀਬ ਪਰਿਵਾਰ ਨਾਲ ਸਬੰਧਿਤ ਮਨਵੀਰ ਕੌਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਵਿਚ 10ਵੀਂ 'ਚ ਮੈਰਿਟ ਵਿਚ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਉਹ ਮੁਕਾਬਲੇ ਦੀਆਂ ਪ੍ਰੀਖਿਆਵਾ ਦੀ ਤਿਆਰੀ ਕਰਨ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਹੀ ਇੱਕ ਕੋਚਿੰਗ ਸੈਂਟਰ ਵਿੱਚੋਂ ਸਿਖਲਾਈ ਲੈ ਰਹੀ ਹੈ। ਜੋਰਵਾਲ ਨੇ ਬੱਚੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਨਿੱਜੀ ਤੌਰ 'ਤੇ ਅਤੇ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

PunjabKesari

ਇਹ ਵੀ ਪੜ੍ਹੋ-ਸ਼ਰਮਸਾਰ ਹੋਇਆ ਪਵਿੱਤਰ ਰਿਸ਼ਤਾ, ਅਧਿਆਪਕ ਨੇ 11ਵੀਂ ਕਲਾਸ ਦੀ ਵਿਦਿਆਰਥਣ ਦੀ ਰੋਲ ਦਿੱਤੀ ਪੱਤ

ਇਸ ਖ਼ਾਸ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਆਈ. ਏ. ਐਸ.  ਬਣਨ ਦੇ ਸਫ਼ਰ ਦੇ ਕੁਝ ਪਹਿਲੂਆਂ ਬਾਰੇ ਵੀ ਵਿਦਿਆਰਥਣਾਂ ਨਾਲ ਸਾਂਝ ਪਾਈ ਤਾਂ ਜੋ ਉਹ ਹਿੰਮਤ ਅਤੇ ਮਜ਼ਬੂਤ ਇਰਾਦੇ ਨਾਲ ਹਰੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈ ਭਰਸਾ ਪੈਦਾ ਕਰ ਸਕਣ। ਜੋਰਵਾਲ ਨੇ ਬੱਚੀਆਂ ਨੂੰ ਕਿਹਾ ਕਿ ਹਰੇਕ ਤਰ੍ਹਾਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੈਸਟ ਜ਼ਰੂਰ ਦਿੱਤਾ ਜਾਵੇ ਤਾਂ ਜੋ ਛੋਟੇ-ਛੋਟੇ ਕਦਮ ਹੌਲੀ-ਹੌਲੀ ਪੈੜਾਂ ਦੇ ਰੂਪ ਵਿੱਚ ਸਥਾਪਤ ਹੋ ਜਾਣ। ਇਸ ਮੌਕੇ ਸਕੂਲ ਦੇ ਹੈੱਡ ਮਾਸਟਰ ਜਗਤਾਰ ਸਿੰਘ ਸੰਧੂ, ਅਧਿਆਪਕਾ ਰਾਜਵੀਰ ਕੌਰ ਤੇ ਸ਼ਪਿੰਦਰ ਕੌਰ ਵੀ ਮੌਜੂਦ ਸਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News