ਸੰਗਰੂਰ ਜ਼ਿਮਨੀ ਚੋਣ : ਕਿਸ ਸਿਆਸੀ ਧਿਰ ਦੇ ਸਿਰ ਬੱਝੇਗਾ ਜੇਤੂ ਸਿਹਰਾ, ਅੱਜ ਹੋਵੇਗਾ ਫ਼ੈਸਲਾ

Sunday, Jun 26, 2022 - 07:23 AM (IST)

ਸੰਗਰੂਰ ਜ਼ਿਮਨੀ ਚੋਣ : ਕਿਸ ਸਿਆਸੀ ਧਿਰ ਦੇ ਸਿਰ ਬੱਝੇਗਾ ਜੇਤੂ ਸਿਹਰਾ, ਅੱਜ ਹੋਵੇਗਾ ਫ਼ੈਸਲਾ

ਸੰਗਰੂਰ/ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ, ਅਨੀਸ਼) : ਪੰਜਾਬ ’ਚ ਜ਼ਿਮਨੀ ਚੋਣਾਂ ਦਾ ਇਤਿਹਾਸ ਸੱਤਾਧਾਰੀ ਧਿਰਾਂ ਦੀ ਜਿੱਤ ਵਾਲਾ ਹੀ ਰਿਹਾ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਜੇਤੂ ਸਿਹਰਾ ਕਿਸ ਸਿਆਸੀ ਧਿਰ ਦੇ ਸਿਰ ਬੱਝਦਾ ਹੈ, ਇਸ ਦਾ ਫ਼ੈਸਲਾ ਅੱਜ ਹੋ ਜਾਵੇਗਾ। ਇਸ ਹਲਕੇ ’ਚ ਉਨ੍ਹਾਂ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਿਤ ਵਿਧਾਇਕਾਂ ਦਾ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ, ਜੋ ਵਿਧਾਨ ਸਭਾ ਚੋਣਾਂ ’ਚ ਹੂੰਝਾ ਫੇਰ ਕੇ ਜਿੱਤੇ ਸਨ। ਸਿਰਫ ਵਿਧਾਨ ਸਭਾ ਹੀ ਨਹੀਂ, ਸਗੋਂ ਲੋਕ ਸਭਾ ਲਈ ਜ਼ਿਮਨੀ ਚੋਣਾਂ ਦਾ ਨਤੀਜਾ ਵੀ ਮੌਕੇ ਦੀ ਸੱਤਾ ਪੱਖ ਦੇ ਹੱਕ ’ਚ ਜਾਂਦਾ ਰਿਹਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਇੱਥੋਂ 2 ਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇ ਸਨ। ਆਮ ਆਦਮੀ ਪਾਰਟੀ ਕੋਲ ਪੂਰੇ ਦੇਸ਼ ’ਚ ਸੰਗਰੂਰ ਦੀ ਹੀ ਲੋਕ ਸਭਾ ਸੀਟ ਸੀ, ਜਿਸ ਨੂੰ ਬਚਾਉਣ ਲਈ ਪਾਰਟੀ ਨੇ ਸਭ ਕੁੱਝ ਦਾਅ ’ਤੇ ਲਗਾ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ IAS ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਦੀ ਗੋਲੀ ਲੱਗਣ ਕਾਰਨ ਮੌਤ

ਸਭ ਤੋਂ ਪਹਿਲਾਂ ਪਾਰਟੀ ਦੇ ਆਮ ਵਰਕਰ ਪਿੰਡ ਘਰਾਚੋਂ ਦੇ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਫਿਰ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ ਦੀ ਫ਼ੌਜ ਉਤਾਰ ਦਿੱਤੀ ਪਰ ਸਿਮਰਨਜੀਤ ਸਿੰਘ ਮਾਨ ਸਣੇ ਹੋਰਨਾਂ ਵਿਰੋਧੀਆਂ ਨਾਲ ਮੁਕਾਬਲਾ ਸਖ਼ਤ ਹੁੰਦਾ ਦੇਖ ਉਹ ਖ਼ੁਦ ਵੀ ਚੋਣ ਪ੍ਰਚਾਰ ’ਚ ਉਤਰ ਆਏ ਅਤੇ ਇਕ ਹਫ਼ਤੇ ਤੱਕ ਸੰਗਰੂਰ ਦੇ ਹਲਕਿਆਂ ’ਚ ਰੋਡ ਸ਼ੋਅ ਕੀਤਾ। ਸੁਸਤ ਵੋਟਿੰਗ ਦੇ ਚੱਲਦਿਆਂ ਇਸ ਸੀਟ ਦੇ ਨਤੀਜੇ ਬਹੁਤ ਹੀ ਦਿਲਚਸਪ ਬਣ ਗਏ ਹਨ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਸਿਆਸੀ ਮਾਹਿਰਾਂ ਦੇ ਵੀ ਗਣਿਤ ਵਿਗੜ ਚੁੱਕੇ ਹਨ। ਇਹ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਹੀ ਰਹਿ ਸਕਦਾ ਹੈ ਪਰ ਘੱਟ ਵੋਟਿੰਗ ਹੋਣ ਦੇ ਚੱਲਦਿਆਂ ਕੁੱਝ ਸਿਆਸੀ ਮਾਹਿਰ ਮੰਨ ਰਹੇ ਹਨ ਕਿ ਇਸ ਦਾ ਸਿੱਧਾ-ਸਿੱਧਾ ਫ਼ਾਇਦਾ ਭਾਜਪਾ ਨੂੰ ਹੋ ਸਕਦਾ ਹੈ ਕਿਉਂਕਿ ਸ਼ਹਿਰੀ ਵੋਟਰਾਂ ’ਚ 'ਆਪ' ਪ੍ਰਤੀ ਕਾਫ਼ੀ ਨਿਰਾਸ਼ਾ ਦੇਖੀ ਜਾ ਰਹੀ ਹੈ ਤੇ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਕਾਰਨ ਇਸ ਦੇ ਭਾਜਪਾ ਵੱਲ ਸਿਫ਼ਟ ਹੋਣ ਦੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ਬਜਟ ਇਜਲਾਸ : CM ਭਗਵੰਤ ਮਾਨ ਨੇ ਕਹੀਆਂ ਇਹ ਵੱਡੀਆਂ ਗੱਲਾਂ, ਰਾਜਪਾਲ ਦੇ ਭਾਸ਼ਣ 'ਤੇ ਦਿੱਤਾ ਜਵਾਬ

ਕੁੱਝ ਸਿਆਸੀ ਪੰਡਿਤ ਇਹ ਵੀ ਮੰਨ ਰਹੇ ਹਨ ਕਿ ਕਾਂਗਰਸ ਦੇ ਮਾਨਸਾ ਤੋਂ ਉਮੀਦਵਾਰ ਰਹੇ ਤੇ ਪ੍ਰਸਿੱਧ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੋਈ ਮੌਤ ਕਾਰਨ ਕਾਂਗਰਸ ਨੂੰ ਬਹੁਤ ਸਾਰੇ ਵੋਟਰਾਂ ਨੇ ਭਾਵੁਕ ਹੋ ਕੇ ਵੋਟ ਕੀਤੀ ਹੈ। ਕਾਂਗਰਸ ਪਾਰਟੀ ਵੱਲੋਂ ਖ਼ਾਸ ਤੌਰ 'ਤੇ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਾਫ਼ੀ ਵੱਡਾ ਮੁੱਦਾ ਬਣਾਇਆ ਸੀ। ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸ ਵੱਲੋਂ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਇਸ ਵਾਰ ਬੰਦੀ ਸਿੰਘਾਂ ਦਾ ਮੁੱਦਾ ਉਠਾਇਆ ਗਿਆ ਸੀ ਤੇ ਆਪਣਾ ਉਮੀਦਵਾਰ ਪਟਿਆਲਾ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਕਦੋਂ ਮਿਲੇਗਾ? ਸਦਨ 'ਚ ਚੁੱਕਿਆ ਗਿਆ ਸਵਾਲ

ਲੰਘੀਆਂ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਬੁਰੀ ਹਾਲਤ ਅਕਾਲੀ ਦਲ ਦੀ ਹੀ ਹੋਈ ਸੀ, ਜਿਸ ਦੇ ਮੱਦੇਨਜ਼ਰ ਅਕਾਲੀ ਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣਾ ਸਿਆਸੀ ਆਧਾਰ ਬਚਾਉਣ ਲਈ ਬੰਦੀ ਸਿੰਘਾਂ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਪਰ ਇਹ ਕੁੱਝ ਖ਼ਾਸ ਕੰਮ ਕਰਦਾ ਦਿਖਾਈ ਨਹੀਂ ਦਿੱਤਾ, ਸਗੋਂ ਉਲਟ ਇਸਦਾ ਵੀ ਫ਼ਾਇਦਾ ਸਿਮਰਨਜੀਤ ਸਿੰਘ ਮਾਨ ਨੂੰ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਪੰਥਕ ਧਿਰਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਖੁੱਲੇਆਮ ਹਮਾਇਤ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News