ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਕੀਤੀ ਸਮੂਹ ਪੰਥਕ ਧਿਰਾਂ ਨੂੰ ਇਹ ਅਪੀਲ

05/30/2022 5:37:03 PM

ਹਰੀਆਂ ਵੇਲਾਂ/ਹੁਸ਼ਿਆਰਪੁਰ- ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਨੇ ਲਿਖ਼ਤੀ ਬਿਆਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਚਿੰਤਿਤ ਅਤੇ ਯਤਨਸ਼ੀਲ ਹੈ। ਇਸ ਸਬੰਧੀ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਆਦੇਸ਼ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਧਿਰਾਂ ਦੀ ਇਕ ਸਾਂਝੀ ਗਿਆਰਾਂ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਹੈ।

ਇਹ ਵੀ ਪੜ੍ਹੋ:  25 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਸਾਹਮਣੇ ਆਈ ਸੱਚਾਈ ਨੂੰ ਜਾਣ ਪਰਿਵਾਰ ਦੇ ਉੱਡੇ ਹੋਸ਼

ਉਨ੍ਹਾਂ ਕਿਹਾ ਕਿ ਇਸ ਸਬੰਧੀ ਕੌਮ ਨੂੰ ਗੰਭੀਰ ਹੋ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਅਮਲੀ ਰੂਪ ਦੇਣ ਲਈ ਸਮੂਹ ਪੰਥਕ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਹੋ ਰਹੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਬੰਦੀ ਸਿੰਘਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਨੂੰ ਉਮੀਦਵਾਰ ਬਣਾ ਕੇ ਜੇਤੂ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਖੁੱਲ੍ਹੇਗਾ, ਉੱਥੇ ਹੀ ਪੰਥ ਵਿਰੋਧੀ ਸ਼ਕਤੀਆਂ ਨੂੰ ਵੱਡਾ ਅਤੇ ਕਰਾਰਾ ਜਵਾਬ ਵੀ ਮਿਲੇਗਾ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸਕੂਲ ਦੀ ਬਾਸਕਟਬਾਲ ਗਰਾਊਂਡ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਉਦਾਹਰਣ ਦਿੰਦੇ ਕਿਹਾ ਕਿ 1989 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਥ ਨੇ ਜੇਲ੍ਹ ਵਿੱਚ ਬੰਦ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਅਤਿੰਦਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਅਤੇ ਵੱਡੀ ਜਿੱਤ ਦਿਵਾ ਕੇ ਰਿਹਾਅ ਕਰਵਾਇਆ ਸੀ। ਹੁਣ ਵੀ ਇਸੇ ਤਰਜ਼ 'ਤੇ ਸਮੁੱਚੇ ਪੰਥ, ਸਮੁੱਚੀਆਂ ਪੰਥਕ ਧਿਰਾਂ ਅਤੇ ਪੰਜਾਬ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨ ਕਰਕੇ ਅਤੇ ਸਾਂਝਾ ਉਮੀਦਵਾਰ ਬਣਾ ਕੇ ਜਿੱਤ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗਾ ਹੋਵੇਗਾ ਕਿ ਜੇ ਇਨ੍ਹਾਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਸਾਂਝੇ ਰੂਪ ਵਿੱਚ ਬੰਦੀ ਸਿੰਘਾਂ ਜਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਬਣੇ ਉਮੀਦਵਾਰ ਨੂੰ ਸਰਬ ਸੰਮਤੀ ਨਾਲ ਆਪਣਾ ਉਮੀਦਵਾਰ ਸਵੀਕਾਰ ਕਰ ਲੈਣ। ਉਨ੍ਹਾਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਉਚੇਚੇ ਯਤਨ ਕਰਨ ਅਤੇ ਸਮੂਹ ਪੰਥਕ ਧਿਰਾਂ ਅਤੇ ਸਮੂਹ ਰਾਜਨੀਤਿਕ ਧਿਰਾਂ ਨੂੰ ਇਸ ਸਬੰਧੀ ਇਕ ਮੰਚ 'ਤੇ ਇਕੱਠਿਆਂ ਕਰਨ। 

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News