ਬੈਂਸ ਨੇ ਮੰਨੀ ਭਗਵੰਤ ਮਾਨ ਦੀ ਸਲਾਹ (ਵੀਡੀਓ)
Sunday, Jul 07, 2019 - 10:08 AM (IST)
ਸੰਗਰੂਰ/ਜਲੰਧਰ (ਰਾਜੇਸ਼ ਕੋਹਲੀ, ਸੋਨੂੰ ਮਹਾਜਨ) : 'ਆਪ' ਤੇ ਲੋਕ ਇਨਸਾਫ ਪਾਰਟੀ ਦੇ ਰਾਹ ਜਦੋਂ ਤੋਂ ਵੱਖ ਹੋਏ ਹਨ, ਉਦੋਂ ਤੋਂ ਭਗਵੰਤ ਮਾਨ ਤੇ ਸਿਮਰਜੀਤ ਸਿੰਘ ਬੈਂਸ ਵਿਚਾਲੇ ਜ਼ੁਬਾਨੀ ਜੰਗ ਹਮੇਸ਼ਾ ਚਲਦੀ ਹੀ ਆ ਰਹੀ ਹੈ। ਦੱਸ ਦੇਈਏ ਕਿ ਪਾਣੀਆਂ ਦੇ ਮੁੱਦੇ 'ਤੇ ਬੈਂਸ ਵੱਲੋਂ ਚੰਡੀਗੜ੍ਹ 'ਚ ਜ਼ੋਰਦਾਰ ਪ੍ਰੋਟੈਸਟ ਕੀਤਾ ਗਿਆ ਸੀ, ਜਿਸ ਲਈ ਬੈਂਸ ਦੀ ਸਿਆਸੀ ਗਲਿਆਰਿਆਂ 'ਚ ਤਾਰੀਫ ਵੀ ਹੋਈ ਪਰ ਭਗਵੰਤ ਮਾਨ ਨੂੰ ਬੈਂਸ ਦਾ ਸਟਾਈਲ ਪਸੰਦ ਨਹੀਂ ਆਇਆ ਅਤੇ ਮਾਨ ਨੇ ਬੈਂਸ ਨੂੰ ਪਾਣੀਆਂ ਦੇ ਮੁੱਦੇ 'ਤੇ ਮੁਹਿੰਮ ਚਲਾਉਣ ਦੀ ਸਲਾਹ ਦੇ ਦਿੱਤੀ ਅਤੇ ਹੁਣ ਬੈਂਸ ਨੇ ਸ਼ਾਇਦ ਉਨ੍ਹਾਂ ਦੀ ਸਲਾਹ ਮੰਨ ਵੀ ਲਈ ਹੈ।
ਦਰਅਸਲ ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲੋਕ ਇਨਸਾਫ ਪਾਰਟੀ ਪਾਣੀਆਂ ਦੇ ਮੁੱਦੇ 'ਤੇ 'ਸਾਡਾ ਪਾਣੀ, ਸਾਡਾ ਹੱਕ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 12 ਜੁਲਾਈ ਤੋਂ ਸੂਬੇ ਭਰ ਵਿਚ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ 21 ਲੱਖ ਲੋਕਾਂ ਦੇ ਦਸਤਖਤ ਕਰਵਾ ਕੇ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਜਾਵੇਗਾ।