ਬਟਾਲਾ ਫੈਕਟਰੀ ਧਮਾਕਾ : ਭਗਵੰਤ ਮਾਨ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
Thursday, Sep 05, 2019 - 12:05 PM (IST)

ਸੰਗਰੂਰ (ਵੈੱਬ ਡੈਸਕ) : ਬਟਾਲਾ ਵਿਖੇ ਬੀਤੇ ਦਿਨ ਭਾਵ ਬੁੱਧਵਾਰ ਨੂੰ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ 'ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਹੈ, 'ਬਟਾਲਾ ਵਿਖੇ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਨਾਲ 23 ਵਿਅਕਤੀਆਂ ਦੀ ਮੌਤ ਤੇ 27 ਤੋਂ ਵੱਧ ਲੋਕ ਜ਼ਖਮੀ ਹੋਏ। ਇਹ ਬਹੁਤ ਹੀ ਦੁਖਦਾਇਕ ਤੇ ਦਰਦਨਾਕ ਘਟਨਾ ਹੈ। ਇਸ ਦੁੱਖ ਦੀ ਘੜੀ ਵਿਚ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ। ਵਾਹਿਗੁਰੂ ਹੌਸਲਾ ਬਖਸ਼ੇ। ਭਗਵੰਤ ਮਾਨ ਨੇ ਅੱਗੇ ਲਿਖਿਆ ਹੈ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।
ਦੱਸ ਦੇਈਏ ਕਿ ਜਲੰਧਰ ਰੋਡ ਸਥਿਤ ਹੰਸਲੀ ਪੁਲ ਨੇੜੇ ਪਟਾਕਾ ਫੈਕਟਰੀ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਨਾਲ 23 ਲੋਕਾਂ ਦੀ ਮੌਤ ਹੋ ਗਈ ਅਤੇ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਧਮਾਕੇ ਨਾਲ ਆਸ-ਪਾਸ ਦੀਆਂ ਬਿਲਡਿੰਗਾਂ ਵੀ ਨੁਕਸਾਨੀਆਂ ਗਈਆਂ ਹਨ।