ਬਰਸਾਤੀ ਮੌਸਮ ਤੋਂ ਪਹਿਲਾਂ ਮੁਸਤੈਦ ਹੋਇਆ ਸੰਗਰੂਰ ਪ੍ਰਸ਼ਾਸਨ, ADC ਨੇ ਲਿਆ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ

04/23/2022 4:13:15 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਯਾਦਵਿੰਦਰ, ਪ੍ਰਵੀਨ) : ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰਥਕ ਕਦਮ ਪੁੱਟਣ ਵਿੱਚ ਜੁੱਟ ਗਿਆ ਹੈ ਤਾਂ ਜੋ ਨੇੜੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸੇ ਮਹੀਨੇ ਡਿਪਟੀ ਕਮਿਸ਼ਨਰ  ਜਤਿੰਦਰ ਜੋਰਵਾਲ ਵੱਲੋਂ ਮੇਨ ਹੈੱਡ ਖਨੌਰੀ, ਮੂਨਕ, ਚਾਂਦੂ, ਮਕਰੋੜ ਸਾਹਿਬ ਆਦਿ ਥਾਵਾਂ ਦੇ ਕੀਤੇ ਗਏ ਦੌਰੇ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਹੋਰਨਾਂ ਅਧਿਕਾਰੀਆਂ ਸਮੇਤ ਘੱਗਰ ਦਰਿਆ ਦੇ ਨਾਲ ਲੱਗਦੇ ਖਨੌਰੀ, ਚਾਂਦੂ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਤੋਂ ਮਕਰੋੜ ਸਾਹਿਬ ਤੱਕ ਕਰੀਬ 22 ਕਿਲੋਮੀਟਰ ਲੰਬੇ ਰਸਤੇ ਵਿੱਚ ਘੱਗਰ ਦੇ ਪਾਣੀ ਦੀ ਸਫ਼ਾਈ ਪ੍ਰਕਿਰਿਆ ਜਾਰੀ ਹੈ ਅਤੇ ਡਰੇਨੇਜ਼ ਵਿਭਾਗ ਵੱਲੋਂ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਘੱਗਰ ਵਿੱਚੋਂ ਮਿੱਟੀ ਗਾਰ ਕੱਢ ਕੇ ਪਾਣੀ ਦੀ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਨਾਲੋ-ਨਾਲ ਇਸ ਮਿੱਟੀ ਨੂੰ ਬੰਨ੍ਹਾਂ ਦੀ ਮਜ਼ਬੂਤੀ ਲਈ ਵੀ ਵਰਤਿਆ ਜਾ ਰਿਹਾ ਹੈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪਾਣੀ ਦੀ ਸਫ਼ਾਈ ਦੇ ਇਸ ਕਾਰਜ ਨੂੰ ਨੇਪਰੇ ਚੜ੍ਹਾਇਆ ਜਾਵੇ ਤਾਂ ਜੋ ਸੰਭਾਵੀ ਬਰਸਾਤਾਂ ਤੋਂ ਬਾਅਦ ਦਰਿਆ ਵਿੱਚ ਪਾਣੀ ਵਧਣ ਦੀ ਸੂਰਤ ਵਿੱਚ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਪੈਦਾ ਹੋ ਸਕੇ।


Babita

Content Editor

Related News