ਸਰਕਾਰੀ ਸਕੂਲਾਂ ’ਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੱਡੀ ਗਿਣਤੀ ’ਚ ਦਾਖਲੇ ਲੈ ਰਹੇ ਹਨ : ਜ਼ਿਲਾ ਸਿੱਖਿਆ ਅਫਸਰ

Monday, Apr 22, 2019 - 04:10 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਸਰਕਾਰੀ ਸਕੂਲਾਂ ’ਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦਾਖਲੇ ਲੈਣ ਦਾ ਰੁਝਾਨ ਸਿਖਰਾਂ ’ਤੇ ਹੈ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਰਾਜਵੰਤ ਕੌਰ ਨੇ ਦੱਸਿਆ ਕਿ ਹੁਣ ਤਕ ਸੱਤ ਸੌ ਤੋਂ ਉੱਪਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ’ਚੋਂ ਹਟ ਕੇ ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲ਼ਾਂ ‘ਚ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੈਲਫ ਸਮਾਰਟ ਸਕੂਲ ਸੰਧੂ ਪੱਤੀ ਵਿਖੇ ਉਨਾਹਟ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਅਲਵਿਦਾ ਆਖ ਕੇ ਦਾਖਲੇ ਲੈ ਚੁੱਕੇ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਸਮਾਜਕ ਸੰਸਥਾਵਾਂ ਦੇ ਸਹਿਯੋਗ ਨਾਲ ਸੈਲਫ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਉੱਚ ਸਿੱਖਿਅਤ ਅਧਿਆਪਕਾਂ ਵੱਲੋਂ ਪਡ਼ਾਉਣ ਤੋਂ ਇਲਾਵਾ ਐਜੂਸੈਟ ਅਤੇ ਕੰਪਿਊਟਰ ਸਿੱਖਿਆ ਦੇਣ ਦੇ ਵਧੀਆ ਬੰਦੋਬਸਤ ਕੀਤੇ ਗਏ ਹਨ। ਵਿਦਿਆਰਥੀਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਹਾਣ ਦੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ ’ਚ ਭਾਰੀ ਇਜ਼ਾਫਾ ਹੋ ਰਿਹਾ ਹੈ। ਜ਼ਿਲਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜ਼ਿਲੇ ਦੇ ਹੋਰਨਾਂ ਸਕੂਲ਼ਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਵਿਖੇ ਪੰਜਾਹ ਤੋਂ ਜ਼ਿਆਦਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਸੱਠ ਤੋਂ ਜ਼ਿਆਦਾ ਵਿਦਿਆਰਥਣਾਂ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਦਾਖਲਾ ਲੈ ਚੁੱਕੀਆਂ ਹਨ ਅਤੇ ਇਹ ਦਾਖਲੇ ਜਾਰੀ ਹਨ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਮਾਪਿਆਂ ਵੱਲੋਂ ਸਰਕਾਰੀ ਸਕੂਲ਼ਾਂ ’ਚ ਪ੍ਰਗਟਾਏ ਵਿਸ਼ਵਾਸਨੂੰ ਕਿਸੇ ਵੀ ਕੀਮਤ ‘ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਬਾਕੀ ਮਾਪਿਆਂ ਨੂੰ ਅਪੀਲ ਕੀਤੀ ਕਿ ਨਿੱਜੀ ਸਕੂਲਾਂ ਤੋਂ ਆਰਥਿਕ ਸ਼ੋਸ਼ਣ ਕਰਵਾਉਣ ਦੀ ਬਜਾਏ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ਼ਾਂ ‘ਚ ਦਾਖਲ ਕਰਵਾ ਕੇ ਆਰਥਕ ਸ਼ੋਸ਼ਣ ਤੋਂ ਬਚਣ ਦੇ ਨਾਲ-ਨਾਲ ਉੱਚ ਪਾਏ ਦੇ ਸਿੱਖਿਆ ਪ੍ਰਾਪਤ ਕਰਵਾਈ ਜਾਵੇ।

Related News