ਚੋਣਾਂ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਚੌਕਸ
Saturday, Mar 30, 2019 - 03:57 AM (IST)

ਸੰਗਰੂਰ (ਸ਼ਾਮ)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਵੀ ਉੱਚ-ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਚੌਕਸੀ ਵਧਾ ਦਿੱਤੀ ਹੈ। ਸਿਟੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਵੱਲੋਂ ਪੈਦਲ ਮਾਰਚ ਕਰ ਕੇ ਜਨਤਕ ਥਾਵਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਥਾਵਾਂ ’ਤੇ ਆਉਂਦੇ-ਜਾਂਦੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮੁੱਖ ਬੱਸ ਸਟੈਂਡ ’ਤੇ ਲੰਬੇ ਰੂਟ ’ਤੇ ਜਾਂਦੀਆਂ-ਆਉਂਦੀਆਂ ਬੱਸਾਂ ’ਚ ਚਡ਼੍ਹ ਕੇ ਸਵਾਰੀਆਂ ਦੇ ਬੈਗ ਖੁੱਲ੍ਹਵਾ ਕੇ ਚੈਕਿੰਗ ਕੀਤੀ ਗਈ ਪਰ ਕੋਈ ਚੀਜ਼ ਨਹੀਂ ਮਿਲੀ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਸ ਸਟੈਂਡ ਜਾਂ ਹੋਰ ਜਨਤਕ ਥਾਵਾਂ ’ਤੇ ਕੋਈ ਲਾਵਾਰਿਸ ਚੀਜ਼ ਨਜ਼ਰ ਆਵੇ, ਉਸ ਨੂੰ ਹੱਥ ਲਾਉਣ ਦੀ ਬਜਾਏ ਪੁਲਸ ਨੂੰ ਸੂਚਨਾ ਦਿੱਤੀ ਜਾਵੇ। ਉਨ੍ਹਾਂ ਵਾਹਨ ਚਾਲਕਾਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਉਹ ਆਪਣੇ ਸਾਰੇ ਕਾਗਜ਼ਾਤ ਨਾਲ ਰੱਖਣ ਅਤੇ ਦੋ ਤੋਂ ਵੱਧ ਸਵਾਰਾਂ ਦੇ ਚਲਾਨ ਕੱਟੇ ਜਾਣਗੇ ਅਤੇ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।