ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੀ 6 ਲੱਖ ਦੀ ਸਹਾਇਤਾ ਰਾਸ਼ੀ
Saturday, Mar 30, 2019 - 03:55 AM (IST)

ਸੰਗਰੂਰ (ਗਰਗ)-ਪੰਜਾਬ ਸਰਕਾਰ ਵੱਲੋਂ ਸਥਾਪਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਬੀ. ਟੈੱਕ ਕੰਪਿਊਟਰ ਸਾਇੰਸ ਸਾਲ ਦੂਜਾ ਦੇ ਵਿਦਿਆਰਥੀ ਉਜਵਲ ਵਿਕਾਸ ਤੇ ਗੁਰਪ੍ਰੀਤ ਕੌਰ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਬਿਜ਼ਨੈੱਸ ਮਾਸਟਰ 2019 ਮੁਕਾਬਲੇ ’ਚ ਸਮੁੱਚੇ ਭਾਰਤ ’ਚੋਂ ਚੁਣੇ ਗਏ 11 ਵਿਦਿਆਰਥੀਆਂ ’ਚੋਂ ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪੁੱਜਣ ’ਤੇ ਉਕਤ ਵਿਦਿਆਰਥੀਆਂ ਦਾ ਕਾਲਜ ਦੇ ਪ੍ਰਿੰ. ਵਨੀਤ ਸ਼ਿਬੇ ਤੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ. ਵਨੀਤ ਸ਼ਿਬੇ ਨੇ ਦੱਸਿਆ ਕਿ ਡੀ. ਏ. ਵੀ. ਜਲੰਧਰ ਤੇ ਆਈ. ਕੇ. ਜੀ. ਪੀ. ਟੀ. ਯੂ. ਜਲੰਧਰ ਵੱਲੋਂ 19 ਮਾਰਚ ਨੂੰ ਕਰਵਾਏ ਗਏ ਬਿਜ਼ਨੈੱਸ ਮਾਸਟਰ ’ਚ ਸੰਸਥਾ ਦੇ 12 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਬਿਜ਼ਨੈੱਸ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਵੱਲੋਂ ਦਿੱਤੇ ਗਏ ਪ੍ਰਭਾਵਸ਼ਾਲੀ ਵਿਚਾਰਾਂ ਸਦਕਾ ਕਾਲਜ ਦੇ ਵਿਦਿਆਰਥੀਆਂ ਉਜਵਲ ਵਿਕਾਸ ਤੇ ਗੁਰਪ੍ਰੀਤ ਕੌਰ ਨੇ 10 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ ਅਤੇ ਭਾਰਤ ਸਰਕਾਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਪੇਸ਼ ਕੀਤੇ ਵਿਚਾਰਾਂ ’ਤੇ ਕੰਮ ਕਰਨ ਲਈ 6 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ’ਚ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤਕਨੀਕੀ ਸਿੱਖਿਆ ਹਾਸਲ ਕਰ ਕੇ ਦੇਸ਼ ਤੇ ਸਮਾਜ ਦੇ ਮਜ਼ਬੂਤ ਨਿਰਮਾਣ ’ਚ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ ਟੀ. ਪੀ. ਓ. ਡਾ. ਜਤਿੰਦਰ ਗਰਗ, ਡਾ. ਸਤੀਸ਼ ਕਾਂਸਲ, ਪ੍ਰੋਫੈਸਰ ਏ. ਟੀ. ਪੀ. ਵਿਨੇ ਸ਼ਰਮਾ, ਕੰਪਿਊਟਰ ਸਾਇੰਸ ਦੇ ਵਿਭਾਗੀ ਮੁਖੀ ਮੈਡਮ ਅਮਨਦੀਪ ਕੌਰ ਧਾਲੀਵਾਲ ਤੇ ਆਈ.ਟੀ. ਦੇ ਲੈਕਚਰਾਰ ਰਮਨਦੀਪ ਵੀ ਹਾਜ਼ਰ ਸਨ।