ਸਫ਼ਾਈ ਸੇਵਕਾਂ ਦਾ ਸੰਘਰਸ਼ ਭਖਿਆ
Thursday, Feb 07, 2019 - 04:30 AM (IST)

ਸੰਗਰੂਰ (ਹਰਜਿੰਦਰ, ਜਨੂਹਾ, ਯਾਦਵਿੰਦਰ)- ਨਗਰ ਕੌਂਸਲ ਸੰਗਰੂਰ ’ਚ ਕਾਰਜ ਸਾਧਕ ਅਫ਼ਸਰ ਦੀ ਗ਼ੈਰ-ਮੌਜੂਦਗੀ ਦੇ ਮਸਲੇ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਅੱਜ ਉਸ ਵੇਲੇ ਹੋਰ ਭਖ ਗਿਆ ਜਦੋਂ ਸਫ਼ਾਈ ਸੇਵਕਾਂ ਨਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨਾਲ ਸਬੰਧਤ ਨਗਰ ਕੌਂਸਲਰ ਅਤੇ ਪ੍ਰਧਾਨ ਸਮੇਤ ਸਾਰੇ ਮੁਲਾਜ਼ਮ ਧਰਨੇ ’ਤੇ ਬੈਠ ਗਏ । ®ਧਰਨੇ ’ਤੇ ਬੈਠੇ ਨਗਰ ਕੌਂਸਲ ਦੇ ਪ੍ਰਧਾਨ ਰਿਪੂਦਮਨ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣੇ ਨੂੰ ਢਾਈ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਏ ਕਲਾਸ ਨਗਰ ਕੌਂਸਲ ਸੰਗਰੂਰ ਸਥਾਈ ਤੌਰ ’ਤੇ ਕਾਰਜ ਸਾਧਕ ਅਫ਼ਸਰ ਨਿਯੁਕਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫ਼ਸਰ ਦੀ ਗੈਰ-ਮੌਜੂਦਗੀ ਨਾਲ ਜਿਥੇ ਸਫ਼ਾਈ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ, ਉਥੇ ਹੀ ਹਡ਼ਤਾਲ ਕਾਰਨ ਸ਼ਹਿਰ ’ਚ ਗੰਦਗੀ ਫੈਲ ਰਹੀ ਹੈ, ਜਿਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਈ.ਓ. ਦੀ ਗੈਰ-ਮੌਜੂਦਗੀ ਕਾਰਨ ਸਫ਼ਾਈ ਸੇਵਕਾਂ ਦੀ ਤਨਖਾਹ, ਸਾਬਕਾ ਮੁਲਾਜ਼ਮਾਂ ਦੇ ਕੇਸ, ਨਕਸ਼ਿਆਂ ਦੇ ਕੰਮ, ਜਨਮ/ਮੌਤ ਦੇ ਸਰਟੀਫਿਕੇਟਾਂ ਆਦਿ ਦਾ ਕੰਮ ਰੁਕ ਗਿਆ ਹੈ ਅਤੇ ਲੋਕ ਹਰ ਰੋਜ਼ ਆਪਣੇ ਕੰਮਾਂ ਲਈ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਹਲਕੇ ਦੇ ਕਾਂਗਰਸੀ ਵਿਧਾਇਕ ਜਾਣ-ਬੁੱਝ ਕੇ ਲੋਕਾਂ ਦੀ ਖੱਜਲ-ਖੁਆਰੀ ਕਰਵਾ ਰਹੇ ਹਨ ਕਿਉਂਕਿ ਨਗਰ ਕੌਂਸਲ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ। ®ਸੈਕਟਰੀ ਅਜੇ ਕੁਮਾਰ ਮੋਦਗਿੱਲ ਨੇ ਵੀ ਆਖਿਆ ਕਿ ਈ. ਓ. ਦੇ ਨਾ ਹੋਣ ਕਾਰਨ ਵੱਡੇ ਪੱਧਰ ’ਤੇ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਬਾਲ ਕ੍ਰਿਸ਼ਨ ਚੌਹਾਨ ਚੇਅਰਮੈਨ ਰਿਟਾ. ਮੁਲਾਜ਼ਮ ਨਗਰ ਕੌਂਸਲ ਜਥੇਬੰਦੀ ਨੇ ਕਿਹਾ ਕਿ ਈ. ਓ. ਦੇ ਨਾ ਹੋਣ ਕਾਰਨ ਸਫ਼ਾਈ ਸੇਵਕਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਅਗਲੇ ਦਿਨਾਂ ਤੱਕ ਮਸਲਾ ਹੱਲ ਨਾ ਹੋਇਆ ਤਾਂ ਸਫ਼ਾਈ ਸੇਵਕ ਸ਼ਹਿਰ ਦੇ ਸਾਰੇ ਸੀਵਰੇਜ ਬੰਦ ਕਰਨ ਲਈ ਮਜਬੂਰ ਹੋਣਗੇ।