ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਸ ਨੇ ਕੀਤੇ ਪੁਖਤਾ ਪ੍ਰਬੰਧ
Friday, Jan 18, 2019 - 09:39 AM (IST)

ਸੰਗਰੂਰ (ਵਸ਼ਿਸ਼ਟ)-ਪੰਚਕੁਲਾ ਦੀ ਸੀ. ਬੀ. ਆਈ. ਕੋਰਟ ਵੱਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਦੇ ਫ਼ੈਸਲੇ ਦੇ ਮੱਦੇਨਜ਼ਰ ਲੌਂਗੋਵਾਲ ਪੁਲਸ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮਨੋਰਥ ਨਾਲ ਕਈ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ। ਥਾਣਾ ਮੁਖੀ ਸਬ ਇੰਸਪੈਕਟਰ ਬਲਵੰਤ ਸਿੰਘ ਨਾਲ ਇਸ ਸਬੰਧ ਵਿਚ ਜਦ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਸ ਵੱਲੋਂ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਸੰਵੇਦਨਸ਼ੀਲ ਥਾਵਾਂ ’ਤੇ ਗਸ਼ਤ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੋਡ਼ ਪੈਣ ’ਤੇ ਰਿਜ਼ਰਵ ਪੁਲਸ ਦਾ ਵੀ ਇੰਤਜ਼ਾਮ ਰੱਖਿਆ ਗਿਆ ਹੈ। ਉਧਰ ਡੇਰਾ ਸੱਚਾ ਸੌਦਾ ਨਾਲ ਸਬੰਧਤ ਨਾਮ ਚਰਚਾ ਘਰ ਦੇ ਅੱਗੇ ਵੀ ਸੁਰੱਖਿਆ ਮੁਲਾਜ਼ਮ ਤਾਇਨਾਤ ਦੇਖੇ ਗਏ ਪਰ ਨਾਮ ਚਰਚਾ ਘਰ ਦੇ ਅੰਦਰ ਸ਼ਰਧਾਲੂ ਨਜ਼ਰ ਨਹੀਂ ਆਏ ਸਨ ਪਰ ਫਿਰ ਵੀ ਪੁਲਸ ਪ੍ਰਸ਼ਾਸਨ ਕਿਸੇ ਤਰ੍ਹਾਂ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ।