ਸੰਗਰੂਰ ਰੈਲੀ ਬਾਰੇ ਅਕਾਲੀ ਦਲ ਬਾਦਲ ਦੇ ਚਾਪਲੂਸਾਂ ਦੇ ਬਿਆਨ ਬੌਖਲਾਹਟ ਦਾ ਨਤੀਜਾ : ਢੀਂਡਸਾ
Tuesday, Feb 25, 2020 - 10:30 AM (IST)
ਸੰਗਰੂਰ (ਸਿੰਗਲਾ) : ਸੰਗਰੂਰ ਦੀ ਅਨਾਜ ਮੰਡੀ 'ਚ ਮਹਾਨ ਪੰਥਕ ਇਕੱਠ ਦੌਰਾਨ ਰਿਕਾਰਡਤੋੜ ਗਿਣਤੀ 'ਚ ਪੁੱਜੀਆਂ ਸੰਗਤਾਂ ਦੇ ਭਰਵੇਂ ਇਕੱਠ ਅਤੇ ਸਮੁੱਚੀਆਂ ਸੰਗਤਾਂ, ਆਗੂਆਂ, ਵਰਕਰਾਂ ਆਦਿ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਗਤ ਦੇ ਚੱਲ ਕੇ ਆਉਣ ਲਈ ਕਦਮ-ਕਦਮ ਸਾਡੇ ਸਿਰ ਮੱਥੇ। ਉਨ੍ਹਾਂ ਕਿਹਾ ਕਿ ਅਸੀਂ ਸੰਗਤ ਦੇ ਹਮੇਸ਼ਾ ਰਿਣੀ ਰਹਾਂਗੇ, ਜਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ ਅਤੇ ਸ਼ਾਨ ਮੁੜ ਬਹਾਲ ਕਰਵਾਉਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥਕ ਸੰਸਥਾਵਾਂ ਦੀ ਮਾਣ ਮਰਿਆਦਾ ਬਹਾਲ ਕਰਵਾਉਣ ਲਈ ਆਰੰਭ ਕੀਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਡੱਟ ਕੇ ਸਾਥ ਦਿੱਤਾ। ਢੀਂਡਸਾ ਨੇ ਕਿਹਾ ਕਿ ਸੰਗਤਾਂ ਦੇ ਲਾਮਿਸਾਲ ਇਕੱਠ ਨਾਲ ਜਿੱਥੇ ਸਿੱਖ ਸਿਆਸਤ ਨੂੰ ਨਵੀਂ ਦਿਸ਼ਾ ਮਿਲੇਗੀ। ਉਥੇ ਸੰਗਤ ਨੇ ਇਕਜੁਟ ਹੋ ਕੇ ਬਾਦਲ ਪਰਿਵਾਰ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਲਿਆ ਜਾਵੇਗਾ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸੰਗਰੂਰ ਰੈਲੀ ਬਾਰੇ ਅਕਾਲੀ ਦਲ ਬਾਦਲ ਦੇ ਚਾਪਲੂਸ ਆਗੂਆਂ ਵੱਲੋਂ ਦਿੱਤੇ ਜਾ ਰਹੇ ਬੇਬੁਨਿਆਦੀ ਬਿਆਨ ਬਾਦਲ ਦਲ ਦੀ ਬੌਖਲਾਹਟ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਪਹਿਲਾਂ ਕਾਂਗਰਸ ਦਾ ਇਕੱਠ ਹੋਣ ਦੀਆਂ ਗੱਲਾਂ ਕਰਦੇ ਸਨ ਅਤੇ ਹੁਣ ਇਨ੍ਹਾਂ ਆਗੂਆਂ ਵੱਲੋਂ ਰਾਜ ਸਭਾ ਦੇ ਕੋਟੇ 'ਚੋਂ ਪੈਸੇ ਵੰਡਣ ਦੀਆਂ ਝੂਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਹੈ ਕਿ ਇਹ ਇਕੱਠ ਬਾਦਲ ਵਿਰੋਧੀਆਂ ਦਾ ਸੀ।
ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਤੱਕ ਕਦੇ ਵੀ ਦੋਗਲੀ ਰਾਜਨੀਤੀ ਨਹੀਂ ਕੀਤੀ, ਜੋ ਲੋਕ ਕਾਂਗਰਸ ਨਾਲ ਢੀਂਡਸਾ ਪਰਿਵਾਰ ਦੇ ਮਿਲੇ ਹੋਣ ਦੀਆਂ ਗੱਲਾਂ ਕਰਦੇ ਹਨ, ਉਹ ਜਵਾਬ ਦੇਣ ਕਿ ਜੇਕਰ ਬਾਦਲ ਪਰਿਵਾਰ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਰਲਿਆ-ਮਿਲਿਆ ਹੋਇਆ ਤਾਂ ਹੁਣ ਤੱਕ ਬਹਿਬਲ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਮਿਲੀ। ਢੀਂਡਸਾ ਨੇ ਕਿਹਾ ਕਿ ਕਾਂਗਰਸ ਨਾਲ ਅਸੀਂ ਨਹੀਂ ਸਗੋਂ ਬਾਦਲ ਪਰਿਵਾਰ ਨੇ ਹੱਥ ਮਿਲਾਏ ਹੋਏ ਹਨ।