ਸੰਗਰੂਰ ਆਰ. ਟੀ. ਓ. ਦੇ ਗੰਨਮੈਨਾਂ ਦੀ ਰਿਸ਼ਵਤ ਮੰਗਣ ਦੀ ਆਡੀਓ ਹੋਈ ਵਾਇਰਲ

11/09/2019 1:11:23 AM

ਰੂੜੇਕੇ ਕਲਾਂ,(ਮੁਖਤਿਆਰ): ਕਾਂਗਰਸੀ ਆਗੂ ਤੇ ਧੌਲਾ ਦੇ ਸਾਬਕਾ ਪੰਚ ਸਮਰਜੀਤ ਨੇ ਦੋਸ਼ ਲਾਇਆ ਹੈ ਕਿ ਆਰ. ਟੀ. ਓ. ਸੰਗਰੂਰ ਦੇ ਗੰਨਮੈਨਾਂ ਵੱਲੋਂ ਟਿੱਪਰ ਦਾ ਚਲਾਨ ਨਾ ਕਰਨ ਬਦਲੇ ਉਸ ਤੋਂ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸ ਨੇ ਰਿਸ਼ਵਤ ਮੰਗਦੇ ਗੰਨਮੈਨ ਦੀ ਆਡੀਓ ਵੀ ਵਾਇਰਲ ਕੀਤੀ ਹੈ ਜੋ ਧੜਾਧੜ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਹੀ ਹੈ। ਆਡੀਓ 'ਚ ਸੰਗਰੂਰ ਦੇ ਆਰ. ਟੀ. ਓ. ਦਾ ਇਕ ਗੰਨਮੈਨ ਠੇਕੇਦਾਰ ਸਮਰਜੀਤ ਸਿੰਘ ਧੌਲਾ ਦੇ ਮੁਨਸ਼ੀ ਖੁਸ਼ਦੀਪ ਸਿੰਘ ਤੋਂ ਮਹੀਨਾ ਮੰਗ ਰਿਹਾ ਹੈ। ਮਹੀਨਾ ਕਿਸ ਥਾਂ 'ਤੇ ਫੜਾ ਕੇ ਜਾਣਾ ਹੈ ਉਸ ਨੂੰ ਉਸ ਥਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਠੇਕੇਦਾਰ ਸਮਰਜੀਤ ਸਿੰਘ ਨੇ ਦੱਸਿਆ ਕਿ ਉਹ ਉਸ ਕੋਲ ਉਦਯੋਗ ਦੇ ਫੋਕਟ ਪਦਾਰਥ ਚੁੱਕਣ ਦਾ ਠੇਕੇ 'ਤੇ ਹੈ, ਜਿਸ ਨੂੰ ਉਹ ਟਿੱਪਰ ਮਦਦ ਨਾਲ ਢੋਆ-ਢੁਆਈ ਕਰਦਾ ਹੈ। ਉਨ੍ਹਾਂ ਕਿਹਾ ਕਿ ਉਕਤ ਆਰ. ਟੀ. ਓ. ਦੇ ਗੰਨਮੈਨ ਉਨ੍ਹਾਂ ਤੋਂ ਹਰ ਮਹੀਨੇ 4 ਹਜ਼ਾਰ ਰੁਪਏ ਅਣ-ਅਧਿਕਾਰਤ ਵਸੂਲੀ ਕਰਦੇ ਹਨ। ਪੂਰੇ ਸਾਲ 'ਚ 50 ਹਜ਼ਾਰ ਤੋਂ ਉਪਰ ਦੀ ਵਸੂਲੀ ਕਰ ਕੇ ਲਿਜਾਂਦੇ ਹਨ। ਜੇਕਰ  ਉਹ ਵਿਰੋਧ ਕਰਦੇ ਹਨ ਤਾਂ ਵ੍ਹੀਕਲਾਂ ਨੂੰ ਬੰਦ ਕਰਨ ਦੀ ਧਮਕੀ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮਹੀਨੇ ਦੇਣ ਦੇ ਬਾਵਜੂਦ ਵੀ ਅੱਜ ਫਿਰ ਉਨ੍ਹਾਂ ਦੇ ਵ੍ਹੀਕਲ ਦਾ 7 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਹੈ। ਇਸ ਸਬੰਧੀ ਪੀੜਤ ਠੇਕੇਦਾਰ ਵੱਲੋਂ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਮੁਲਾਜ਼ਮਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣੈ ਆਰ. ਟੀ. ਓ. ਦਾ
ਵਾਇਰਲ ਹੋਈ ਆਡੀਓ ਬਾਰੇ ਜਦੋਂ ਸੰਗਰੂਰ ਆਰ. ਟੀ. ਓ. ਗੁਰਚਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਚਲਾਨ ਕੀਤੇ ਜਾ ਰਹੇ ਹਨ। ਗੰਨਮੈਨਾਂ ਵੱਲੋਂ ਮਹੀਨਾ ਮੰਗਣ ਦੀ ਗੱਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੇ ਧਿਆਨ 'ਚ ਅਜੇ ਕੋਈ ਅਜਿਹਾ ਮਾਮਲਾ ਨਹੀਂ ਆਇਆ ਹੈ। ਜੇਕਰ ਕੋਈ ਅਧਿਕਾਰੀ ਅਜਿਹਾ ਕਰਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ। ਜਦੋਂ ਇਸ ਆਡੀਓ 'ਤੇ ਗੰਨਮੈਨ ਜਗਸੀਰ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲਿਆ ਹੈ।


Related News