ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉੱਤਰ ਗਿਐ : ਢੀਂਡਸਾ

01/23/2020 10:00:36 AM

ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਹਲਕਾ ਲਹਿਰਾਗਾਗਾ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੂਬੇ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ। ਅਨੇਕਾਂ ਦਿੱਗਜ ਆਗੂ ਮੇਰੇ ਪਿਤਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਵਿੱਢੇ ਮਿਸ਼ਨ ਸਿਧਾਂਤ ਨਾਲ ਹਿੱਕ ਠੋਕਵੀ ਹਾਮੀ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਂਤਾਂ, ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਪ੍ਰਪੱਕ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ।

ਪਰਮਿੰਦਰ ਢੀਂਡਸਾ ਨੇ ਕਿਹਾ ਕਿ ਜਲਦੀ ਹੀ ਕਈ ਵੱਡੇ ਆਗੂ ਮਿਸ਼ਨ ਸਿਧਾਂਤ ਦੇ ਮੰਚ ਉਪਰ ਸਾਂਝੇ ਤੌਰ 'ਤੇ ਇਕੱਠੇ ਦਿਖਾਈ ਦੇਣਗੇ। ਆਗੂਆਂ ਦੇ ਨਾਂ ਸਮੇਂ ਤੋਂ ਪਹਿਲਾਂ ਜਨਤਕ ਕਰਨੇ ਦਰੁਸਤ ਨਹੀਂ ਹਨ, ਵਕਤ ਆਉਣ 'ਤੇ ਸਭ ਕੁੱਝ ਸਪੱਸ਼ਟ ਹੋ ਜਾਵੇਗਾ। ਮੌਜੂਦਾ ਸਮੇਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉੱਤਰ ਗਿਆ ਹੈ, ਜਿਸ ਨੂੰ ਮੁੜ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਅੰਦਰ ਕਈ ਵਾਰ ਚਰਚਾ ਹੋਈ ਪਰ ਕੋਈ ਅਸਰ ਨਾ ਹੋਇਆ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਵਾਰ ਕਹਿਣ ਦੇ ਬਾਵਜੂਦ ਨੀਤੀਆਂ ਨਹੀਂ ਬਦਲੀਆਂ ਗਈਆਂ, ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਮੂਲ ਸਿਧਾਂਤਾਂ 'ਤੇ ਲਿਆਉਣ ਲਈ ਇਹ ਕਦਮ ਚੁੱਕਣਾ ਪਿਆ ਹੈ।

ਸਾਬਕਾ ਲੋਕ ਸਭਾ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੋ ਅਕਾਲੀ ਦਲ ਦੇ ਕੱਦਵਾਰ ਆਗੂ ਹਨ ਅਤੇ ਪੰਥ ਦੇ ਹਿੱਤਾਂ ਦੀ ਗੱਲ ਪੂਰੀ ਦ੍ਰਿੜ੍ਹਤਾ ਨਾਲ ਕਰਦੇ ਹਨ ਪਰ ਪਾਰਟੀ ਦੇ ਅੰਦਰ ਸਹਿਜਤਾ ਅਤੇ ਅਸਹਿਜਤਾ ਦਾ ਫ਼ੈਸਲਾ ਪ੍ਰੋ. ਚੰਦੂਮਾਜਰਾ ਖੁਦ ਹੀ ਕਰ ਸਕਦੇ ਹਨ, ਖ਼ੁਸ਼ੀ ਹੋਵੇਗੀ ਜਦੋਂ ਪ੍ਰੋ. ਚੰਦੂਮਾਜਰਾ ਵਰਗੇ ਪੰਥਕ ਆਗੂ ਪੰਥ ਦੇ ਵਡੇਰੇ ਹਿੱਤਾਂ ਲਈ ਮਿਸ਼ਨ ਸਿਧਾਂਤ 'ਚ ਸ਼ਾਮਲ ਹੋਣਗੇ। ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਗਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਣ ਹਾਸ਼ੀਏ 'ਤੇ ਆ ਚੁੱਕੀ ਹੈ।


cherry

Content Editor

Related News