ਪੰਜਾਬ ''ਚ ਚੱਲ ਰਹੀ ਹੈ ਅਕਾਲੀ-ਭਾਜਪਾ ਗੱਠਜੋੜ ਦੀ ਲਹਿਰ : ਢੀਂਡਸਾ
Saturday, Apr 27, 2019 - 05:21 PM (IST)
ਸੰਗਰੂਰ/ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਪੰਜਾਬ 'ਚ ਅਕਾਲੀ ਗੱਠਜੋੜ ਦੀ ਲਹਿਰ ਦੇਖਕੇ ਆਮ ਪਾਰਟੀ ਅਤੇ ਕਾਂਗਰਸ ਘਬਰਾ ਗਈ ਹੈ। ਇਹ ਸ਼ਬਦ ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ 'ਚ ਐੱਨ. ਡੀ. ਏ. ਦੀ ਲਹਿਰ ਚੱਲ ਰਹੀ ਹੈ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਗੱਠਜੋੜ 13 ' ਚੋਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਦਾ ਜਲਵਾ ਦੇਖ ਲਿਆ ਹੈ। ਦੋਵੇਂ ਪਾਰਟੀਆਂ ਨੇ ਹੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਹੀ ਖਾ ਲਈ। ਜੋ ਵਿਅਕਤੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਸਕਦਾ ਹੈ, ਉਹ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰੇਗਾ? ਪੰਜਾਬ ਦੇ ਲੋਕਾਂ ਨਾਲ ਇਸਨੇ ਧੋਖਾ ਕੀਤਾ। ਨਾ ਤਾਂ ਨੌਜਵਾਨਾਂ ਨੂੰ ਨੌਕਰੀ ਦਿੱਤੀ ਅਤੇ ਵਿਕਾਸ ਕੰਮ ਵੀ ਠੱਪ ਹੋ ਰਹੇ ਹਨ, ਉਥੇ ਦੂਸਰੇ ਪਾਸੇ ਆਮ ਪਾਰਟੀ ਨੇ ਵੀ ਪੰਜਾਬ ਦੇ ਲਈ ਕੁਝ ਨਹੀਂ ਕੀਤਾ। ਭਗਵੰਤ ਮਾਨ 5 ਵਰ੍ਹੇ ਸੰਸਦ ਮੈਂਬਰ ਰਹਿ ਗਏ ਇਨ੍ਹਾਂ ਪੰਜ ਵਰ੍ਹਿਆਂ ਵਿਚ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਲਈ ਉਨ੍ਹਾਂ ਨੇ ਕੁਝ ਵੀ ਨਹੀਂ ਕੀਤਾ। ਇਥੋਂ ਤੱਕ ਕਿ ਉਨ੍ਹਾਂ ਦੇ ਪਿੰਡ ਸਤੌਜ ਦੇ ਹਾਲਾਤ ਵੀ ਬਹੁਤ ਨਾਜ਼ੁਕ ਹਨ। ਜੋ ਵਿਅਕਤੀ ਆਪਣੇ ਪਿੰਡ ਦਾ ਭਲਾ ਨਹੀਂ ਕਰ ਸਕਿਆ ਉਹ ਹੋਰ ਇਲਾਕਿਆਂ ਦਾ ਕੀ ਭਲਾ ਕਰੇਗਾ।