ਨਰਸਾਂ ਦੇ ਹੱਕ ''ਚ ਆਏ ਹਰਪਾਲ ਚੀਮਾ, ਸਰਕਾਰ ''ਤੇ ਬੋਲਿਆ ਹਮਲਾ

Friday, Mar 01, 2019 - 11:36 AM (IST)

ਨਰਸਾਂ ਦੇ ਹੱਕ ''ਚ ਆਏ ਹਰਪਾਲ ਚੀਮਾ, ਸਰਕਾਰ ''ਤੇ ਬੋਲਿਆ ਹਮਲਾ

ਸੰਗਰੂਰ (ਬਿਊਰੋ)— ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੀਆਂ 2 ਨਰਸਾਂ ਵੱਲੋਂ ਛੱਤ ਤੋਂ ਛਾਲ ਮਾਰਨ ਦੇ ਮਾਮਲੇ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਰਕਾਰ 'ਤੇ ਹਮਲਾ ਬੋਲਿਆ ਹੈ। ਚੀਮਾ ਨੇ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕੈਪਟਨ ਸਾਬ੍ਹ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ 2017 ਵਿਚ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਸੰਭਾਲੀ ਸੀ ਅਤੇ ਹੁਣ ਤੁਸੀਂ ਮੁਲਾਜ਼ਮਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਵੀ ਅਕਾਲੀ-ਭਾਜਪਾ ਦੇ ਰਾਹ 'ਤੇ ਤੁਰ ਪਏ ਹਨ। ਇਸ ਦਾ ਜਵਾਬ ਲੋਕ ਤੁਹਾਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਜ਼ਰੂਰ ਦੇਣਗੇ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ, ਮੁਲਾਜ਼ਮਾਂ, ਦਲਿਤਾਂ, ਵਪਾਰੀਆਂ, ਕਿਸਾਨਾਂ, ਟਰਾਂਸਪੋਟਰਾਂ ਅਤੇ ਨੌਜਵਾਨਾਂ ਦੇ ਮਸਲੇ ਹੱਲ ਹੋ ਸਕਣ।

ਦੱਸਣਯੋਗ ਹੈ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਇਮਾਰਤ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਰਸਾਂ ਪਿਛਲੇ 23 ਦਿਨਾਂ ਤੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਨਰਸਾਂ ਦਾ ਸਰਕਾਰ ਨਾਲ ਮੀਟਿੰਗ ਦਾ ਦੌਰ ਚੱਲ ਰਿਹਾ ਅਤੇ ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਸੀ ਪਰ ਮੀਟਿੰਗ ਨਾ ਹੋਣ 'ਤੇ ਨਰਸਾਂ ਨੇ ਇਹ ਕਦਮ ਚੁੱਕ ਲਿਆ। ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਦਾ ਨਾਂ ਕਮਲਜੀਤ ਕੌਰ ਔਲਖ ਤੇ ਬਲਜੀਤ ਕੌਰ ਖਾਲਸਾ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।


author

cherry

Content Editor

Related News