ਖੂਨ ਹੋਇਆ ਸਫੈਦ : ਪੋਤੇ ਨੇ ਜ਼ਮੀਨ ਖਾਤਰ ਕੁਹਾੜੀ ਨਾਲ ਵੱਢਿਆ ਦਾਦਾ
Wednesday, Feb 19, 2020 - 11:19 AM (IST)

ਸੰਗਰੂਰ : 150 ਗਜ਼ ਜ਼ਮੀਨ ਲਈ ਪੋਤੇ ਨੇ ਕੁਲਹਾੜੀ ਨਾਲ ਦਾਦੇ ਦੇ ਸਿਰ 'ਤੇ ਕਈ ਵਾਰ ਕਰਕੇ ਮੌਤ ਦੇ ਘਾਟ ਦਾ ਉਤਾਰ ਦਿੱਤਾ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਅੰਜ਼ਾਮ ਮ੍ਰਿਤਕ ਜਗਰੂਪ ਸਿੰਘ ਨਹਿਰੀ ਵਿਭਾਗ ਤੋਂ ਐੱਸ.ਡੀ.ਓ. ਸੇਵਾ ਮੁਕਤ ਹੋਇਆ ਸੀ। ਉਸ ਦੇ ਦੋ ਪੁੱਤ ਸੈਨਾ 'ਚ ਕਰਨਲ ਸਨ। ਦੱਸਿਆ ਜਾ ਰਿਹਾ ਹੈ ਕਿ ਜਗਰੂਪ ਸਿੰਘ ਦੀ ਪਿੰਡ 'ਚ ਪੁਸ਼ਤੈਨੀ 150 ਗਜ਼ ਜ਼ਮੀਨ ਆਪਣੇ ਭਰਾ ਦੇ ਦੋ ਪੋਤਿਆਂ 'ਚ ਵੰਡਣਾ ਚਾਹੁੰਦਾ ਸੀ ਪਰ ਦੋਸ਼ੀ ਪੋਤਾ ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਫਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਪਿੰਡ ਰੁੜਕੀ ਖੁਰਦ ਵਾਸੀ ਨਰਪਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਚਾਚਾ ਜਗਰੂਪ ਸਿੰਘ (75) ਸੰਗਰੂਰ ਦੀ ਅਧਿਕਾਰੀ ਕਾਲੋਨੀ 'ਚ ਰਹਿੰਦਾ ਹੈ। ਉਸ ਦੀ 150 ਗਜ਼ ਜ਼ਮੀਨ ਰੁੜਕੀ ਖੁਰਦ 'ਚ ਇੰਦਰਵੀਰ ਸਿੰਘ ਅਤੇ ਸਤਵੀਰ ਸਿੰਘ ਦੇ ਘਰ ਦੇ ਅੱਗੇ ਖਾਲੀ ਪਈ ਸੀ। ਦੋਵੇਂ ਨੌਜਵਾਨ ਜਗਰੂਪ ਸਿੰਘ ਦੇ ਭਰਾ ਹਰਭਜਨ ਸਿੰਘ ਦੇ ਪੋਤੇ ਹਨ। ਜਗਰੂਪ ਸਿੰਘ ਆਪਣੀ ਜ਼ਮੀਨ ਨੂੰ ਇੰਦਰਵੀਰ ਸਿੰਘ ਤੇ ਸਤਵੀਰ ਸਿੰਘ ਨੂੰ ਦੇਣਾ ਚਾਹੁੰਦਾ ਸੀ ਪਰ ਇਸ ਤੋਂ ਇੰਦਰਵੀਰ ਖੁਸ਼ ਨਹੀਂ ਸੀ। ਉਹ ਸਾਰੀ ਜ਼ਮੀਨ ਖੁਦ ਲੈਣਾ ਚਾਹੁੰਦਾ ਸੀ, ਜਿਸ ਕਾਰਨ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਵਿਵਾਦ ਦੇ ਚੱਲਦਿਆ ਜਗਰੂਪ ਸਿੰਘ ਸੋਮਵਾਰ ਪਿੰਡ ਰੁੜਕੀ ਖੁਰਦ ਆਇਆ ਸੀ। ਉਸ ਨੇ ਇਸ ਦੇ ਹੱਲ ਲਈ ਪਰਿਵਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਦੁਪਹਿਰ ਸਮੇਂ ਉਹ ਕਿਸੇ ਕੰਮ ਲਈ ਕੁੜਕੀ ਕਲਾਂ ਚਲੇ ਗਏ ਜਦੋਂ ਵਾਪਸ ਆਏ ਤਾਂ ਘਰ ਦੇ ਬਾਹਰ ਗੱਡੀ ਖੜ੍ਹੀ ਕੀਤੀ ਉਥੇ ਹੀ ਇੰਦਰਵੀਰ ਵੀ ਖੜ੍ਹਾ ਸੀ। ਇਸੇ ਦੌਰਾਨ ਜਦੋਂ ਜਗਰੂਪ ਗੱਡੀ 'ਚੋਂ ਉਤਰਿਆ ਤਾਂ ਇੰਦਰਵੀਰ ਨੇ ਲਲਕਾਰਾ ਮਾਰਦੇ ਹੋਏ ਕੁਹਾੜੀ ਨੇ ਉਸ ਦੇ ਸਿਰ 'ਚ ਕਈ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਮਲੇਰਕੋਟਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਹਾਲਤ ਗੰਭੀਰ ਹੋਣ ਕਾਰਨ ਉਸ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।