ਪੂੰਜੀਪਤੀ ਲੋਕਾਂ ਦੇ ਵਾਰੇ ਨਿਆਰੇ, ਆਮ ਲੋਕਾਂ ਲਈ ਸਰਕਾਰ ਦੇ ਹੱਥ ਖਾਲੀ : ਭਗਵੰਤ ਮਾਨ
Monday, Jul 08, 2019 - 10:01 AM (IST)
ਸ਼ੇਰਪੁਰ(ਸਿੰਗਲਾ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਹਾਲ ਹੀ 'ਚ ਕੇਂਦਰ ਵਲੋਂ ਪੇਸ਼ ਕੀਤੇ ਬਜਟ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਜਟ 'ਚ ਸਰਕਾਰ ਨੇ ਪੂੰਜੀਪਤੀ ਲੋਕਾਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ ਜਦੋਂਕਿ ਆਮ ਲੋਕਾਂ ਲਈ ਸਰਕਾਰ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਹਨ। ਪੈਟਰੋਲ, ਡੀਜ਼ਲ 'ਤੇ ਸੈੱਸ ਲਾ ਕੇ ਸਰਕਾਰ ਨੇ ਆਵਾਜਾਈ ਦੇ ਸਾਧਨ ਦਾ ਭਾੜਾ ਮਹਿੰਗਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਨਰੇਗਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਬਜਟ 'ਚ ਕੋਈ ਵਾਧਾ ਨਹੀਂ ਕੀਤਾ। ਇਸੇ ਤਰ੍ਹਾਂ ਸਿਹਤ ਅਤੇ ਸਿੱਖਿਆ ਦੇ ਖੇਤਰ ਵੀ ਅਣਗੌਲੇ ਹੀ ਰਹੇ ਹਨ। ਮਾਨ ਨੇ ਅੱਗੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਭਾਵੇਂ ਪੈਨਸ਼ਨ ਵਰਗੇ ਲਾਲੀਪਾਪ ਦਿੱਤੇ ਗਏ ਹਨ, ਦੂਜੇ ਪਾਸੇ ਕੀਟਨਾਸ਼ਕ, ਨਦੀਨਨਾਸ਼ਕ ਅਤੇ ਖਾਦਾਂ ਦੀਆਂ ਕੀਮਤਾਂ 'ਚ ਬੇਤਹਾਸ਼ਾ ਵਾਧਾ ਪਹਿਲਾਂ ਤੋਂ ਡੁੱਬ ਰਹੀ ਕਿਸਾਨੀ ਦਾ ਹੋਰ ਲੱਕ ਤੋੜ ਦੇਵੇਗਾ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਵੀ ਮਹਿਜ਼ ਸੁਪਨਾ ਹੀ ਲੱਗਦੇ ਹਨ।
ਮਾਨ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਇਸ ਕਰਕੇ ਵੀ ਵੱਡਾ ਧੱਕਾ ਲੱਗ ਰਿਹਾ ਹੈ ਕਿ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨ ਲੜਕਿਆਂ ਤੇ ਲੜਕੀਆਂ ਲਈ ਕੋਈ ਰੋਜ਼ਗਾਰ ਦਾ ਸਥਾਨ ਨਹੀਂ, ਜਿਸ ਕਰਕੇ ਮਜਬੂਰੀਵਸ਼ ਪੰਜਾਬ ਦਾ ਨੌਜਵਾਨ ਵਰਗ ਆਪਣਾ ਸਭ ਕੁਝ ਦਾਅ 'ਤੇ ਲਾ ਕੇ ਰੋਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਨੂੰ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰਿਪੋਰਟ ਅਨੁਸਾਰ 2010 ਤੋਂ ਬਾਅਦ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਬਾਹਰਲੇ ਦੇਸ਼ਾਂ 'ਚ ਚਲੇ ਗਏ ਹਨ। ਮੋਦੀ ਸਰਕਾਰ 'ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਵਿਦੇਸ਼ਾਂ 'ਚ ਕਾਲਾ ਧਨ ਲਿਆਉਣ ਦਾ ਦਾਅਵਾ ਕਰਨ ਵਾਲੀ ਕੇਂਦਰ ਸਰਕਾਰ ਦੇਸ਼ ਦਾ ਚਿੱਟਾ ਧਨ ਵੀ ਨਹੀਂ ਬਚਾ ਸਕੀ। ਨੋਟਬੰਦੀ ਤੇ ਜੀ. ਐੱਸ. ਟੀ. ਨੇ ਦੇਸ਼ ਦੀ ਆਰਥਿਕਤਾ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਿਨੋ-ਦਿਨ ਕਰਜ਼ਾਈ ਹੋ ਰਿਹਾ ਹੈ ਪਰ ਇਹ ਕਰਜ਼ਾ ਸਰਕਾਰ ਨੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ, ਸਸਤੀ ਬਿਜਲੀ ਜਾਂ ਲੋੜਵੰਦਾਂ ਨੂੰ ਪੈਨਸ਼ਨਾਂ ਵੰਡ ਕੇ ਨਹੀਂ ਚਾੜ੍ਹਿਆ, ਸਗੋਂ ਆਪਣੇ ਮੰਤਰੀਆਂ ਤੇ ਚਾਹੇਤਿਆਂ ਨੂੰ ਸਹੂਲਤਾਂ ਦੇ ਨਾਂ 'ਤੇ ਕਰੋੜਾਂ ਰੁਪਏ ਲੁਟਾਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਅੱਛੇ ਦਿਨਾਂ ਲਈ ਹਰ ਸੰਵੇਦਨਸ਼ੀਲ ਪੰਜਾਬੀ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।