ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ

Thursday, Dec 14, 2023 - 10:55 PM (IST)

ਸੁਖਬੀਰ ਸਿੰਘ ਬਾਦਲ ਵੱਲੋਂ ਮੰਗੀ ਮੁਆਫ਼ੀ ਬਾਰੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਾਜ਼ਰ ਹੋ ਕੇ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਮੁਆਫ਼ੀ ਮੰਗੀ ਹੈ। ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਆਲ ਉਠਾਉਂਦਿਆਂ ਕਿਹਾ ਹੈ ਕਿ ਇਹ ਦੇਖਣ ਦੀ ਬਹੁਤ ਲੋੜ ਹੈ ਕਿ ਇਸ ਮੁਆਫ਼ੀ ਪਿੱਛੇ ਸੁਖਬੀਰ ਬਾਦਲ ਦਾ ਮਕਸਦ ਕੀ ਹੈ? ਸੰਧਵਾਂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸਾਲ 2015 ਵਿਚ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਨੱਕ ਹੇਠਾਂ ਪਾਵਨ ਪਵਿੱਤਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਾਪਰੀਆਂ। ਉਨ੍ਹਾਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਪਰਵਾਹੀ ਵਾਲਾ ਵਤੀਰਾ ਅਪਣਾਇਆ, ਜਿਸ ਕਾਰਨ ਇਨ੍ਹਾਂ ਸਮਾਜ ਦੋਖੀ ਦੁਸ਼ਟ ਤੱਤਾਂ ਦੇ ਹੌਂਸਲੇ ਵਧੇ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਐਨਕਾਊਂਟਰ 'ਚ ਗੈਂਗਸਟਰ ਦੇ ਮਾਰੇ ਜਾਣ ਮਗਰੋਂ ਪੰਜਾਬ ਪੁਲਸ ਨੇ ਚੁੱਕਿਆ ਵੱਡਾ ਕਦਮ

ਸਪੀਕਰ ਨੇ ਕਿਹਾ ਕਿ ਬਾਦਲ ਸਰਕਾਰ ਵਿਚ ਗ੍ਰਹਿ ਵਿਭਾਗ ਸੁਖਬੀਰ ਬਾਦਲ ਕੋਲ ਸੀ ਅਤੇ ਇਨ੍ਹਾਂ ਵੱਲੋਂ ਆਖਿਆ ਜਾਂਦਾ ਸੀ ਕਿ ਪੰਜਾਬ ਵਿਚ ਸਾਡੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ। ਏਨੇ ਹੰਕਾਰੇ ਹੋਏ ਰਵਈਏ ਦੇ ਚਲਦਿਆਂ ਲਗਾਤਾਰ ਬੇਅਦਬੀ ਦੀਆਂ ਵਾਰਦਾਤਾਂ ਹੋਈਆਂ ਅਤੇ ਕਿਸੇ ਥਾਂ ਵੀ ਦੁਸ਼ਟ ਦੋਸ਼ੀਆਂ ਨੂੰ ਬਾਦਲ ਸਰਕਾਰ ਫੜ ਨਾ ਸਕੀ। ਸੰਧਵਾਂ ਨੇ ਸਵਾਲ ਕੀਤਾ ਕਿ ਸੁਖਬੀਰ ਬਾਦਲ ਜੀ ਤੁਹਾਡੇ ਰਾਜ ਭਾਗ ਵੇਲੇ ਹੋਈਆਂ ਬੇਅਦਬੀਆਂ ਲਈ ਤਾਂ ਤੁਸੀਂ ਆਪਣੇ ਸਿਆਸੀ ਮੁਫਾਦਾਂ ਖ਼ਾਤਰ ਮੁਆਫ਼ੀ ਮੰਗ ਲਈ ਹੈ ਪਰ ਬੇਅਦਬੀ ਦਾ ਇਨਸਾਫ਼ ਲੈਣ ਲਈ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ਵਿਖੇ ਇਕੱਤਰ ਹੋਈ ਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਦੇ ਸ਼ਾਂਤਮਈ ਇਕੱਠ ਉਪਰ ਅੰਮ੍ਰਿਤ ਵੇਲੇ ਗੋਲੀਆਂ ਵਰ੍ਹਾਉਣ ਅਤੇ ਦੋ ਗੁਰੂ ਪਿਆਰੇ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤੇ ਜਾਣ ਲਈ ਮੁਆਫ਼ੀ ਕੌਣ ਮੰਗੇਗਾ?

ਇਹ ਖ਼ਬਰ ਵੀ ਪੜ੍ਹੋ - ਸੰਸਦ ਸੁਰੱਖਿਆ ਕੋਤਾਹੀ: ਕਿਸਾਨ ਅੰਦੋਲਨ ਤੇ ਹੋਰ ਮੁੱਦਿਆਂ ਤੋਂ ਪਰੇਸ਼ਾਨ ਹੋ ਕੇ ਰਚੀ ਗਈ ਸਾਜ਼ਿਸ, ਇਕ ਹੋਰ ਕਾਬੂ

ਸਪੀਕਰ ਸੰਧਵਾਂ ਨੇ ਇਹ ਵੀ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਧਾਵਾਨ ਸਿੱਖ ਵਜੋਂ ਮੇਰਾ ਮੰਨਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀ ਮੰਦਭਾਗੀ ਘਟਨਾ ਲਈ ਕੋਈ ਮੁਆਫ਼ੀ ਹੋ ਹੀ ਨਹੀਂ ਸਕਦੀ। ਜੇਕਰ ਸੁਖਬੀਰ ਬਾਦਲ ਬੇਅਦਬੀ ਦੇ ਗੁਨਾਹਾਂ ਲਈ ਸੱਚੇ ਦਿਲੋਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਗੁਰੂ ਦੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਅੱਗੇ ਨਤਮਤਸਕ ਹੋ ਕੇ ਜੋਦੜੀ ਬੇਨਤੀ ਕਰਨੀ ਚਾਹੀਦੀ ਹੈ। ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਮੰਗੀ ਗਈ ਇਹ ਮੁਆਫ਼ੀ, ਜਿਸ ਤਹਿਤ ਮੁਆਫ਼ੀ ਦੇ ਨਾਲ ਹੀ ਆਪਣੀ ਸਿਆਸੀ ਅਧੋਗਤੀ ਦਾ ਰੋਣਾ ਰੋਂਦਿਆਂ ਪੰਜਾਬ ਦਾ ਰਾਜ ਭਾਗ ਦੁਬਾਰਾ ਲੋਟੂ ਬਾਦਲ ਪਰਿਵਾਰ ਹਵਾਲੇ ਕਰਨ ਦੇ ਵੀ ਤਰਲੇ ਲਏ ਗਏ ਹਨ, ਮਹਿਜ਼ ਇਕ ਸਿਆਸੀ ਤਿਕੜਮਬਾਜ਼ੀ ਤੋਂ ਵੱਧ ਕੁਝ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੇ ਨਿਰਦੇਸ਼ਾਂ ਮਗਰੋਂ ਸਾਰੇ ਜ਼ਿਲ੍ਹਿਆਂ ਨੂੰ ਕੀਤਾ ਗਿਆ ਅਲਰਟ, ਤੇਜ਼ੀ ਨਾਲ ਵੱਧਦਾ ਜਾ ਰਿਹੈ ਖ਼ਤਰਾ

ਸੰਧਵਾਂ ਨੇ ਅੱਗੇ ਕਿਹਾ ਕਿ ਮੁਆਫ਼ੀ ਬਹਾਨੇ ਸਿਆਸੀ ਦਾਅਪੇਚ ਖੇਡ ਕੇ ਸੁਖਬੀਰ ਬਾਦਲ ਨੇ ਆਪਣੇ ਬੱਜਰ ਗੁਨਾਹਾਂ ਦੇ ਘੜੇ ਵਿਚ ਇਕ ਹੋਰ ਗੁਨਾਹ ਜੋੜ ਲਿਆ ਹੈ। ਇਤਿਹਾਸ ਦੀ ਸੇਧ ਵਿਚ ਇਹ ਗੱਲ ਸਵੈ ਸਿੱਧ ਹੈ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਵੱਲ ਕੈਰੀ ਅੱਖ ਨਾਲ ਦੇਖਣ ਵਾਲਿਆਂ ਦਾ ਨਾ ਪਹਿਲਾਂ ਕੱਖ ਰਿਹਾ ਹੈ ਅਤੇ ਨਾ ਹੀ ਰਹੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News