ਰੇਤ ਮਾਫ਼ੀਆ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ’ਤੇ ਕੀਤਾ ਜਾਨਲੇਵਾ ਹਮਲਾ
Sunday, Jan 08, 2023 - 11:30 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਸਤਲੁਜ ਦਰਿਆ ਕੰਢੇ ਵਸਦੇ ਪਿੰਡ ਹਾਦੀਵਾਲ ਵਿਖੇ ਨਾਜਾਇਜ਼ ਮਾਈਨਿੰਗ ਕਰ ਰਹੇ ਰੇਤ ਮਾਫ਼ੀਆ ਨੇ ਜੰਗਲਾਤ ਵਿਭਾਗ ਵਣ ਗਾਰਡ ਇੰਚਾਰਜ ਨਗੀਨ ਕੁਮਾਰ ਵਾਸੀ ਸਲੇਮਪੁਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਮਾਮਲੇ ਸਬੰਧੀ ਕੂੰਮਕਲਾਂ ਪੁਲਸ ਨੇ 17 ਵਿਅਕਤੀਆਂ ਖ਼ਿਲਾਫ਼ ਕਾਤਿਲਾਨਾ ਹਮਲੇ ਸਮੇਤ ਕੁਲ 8 ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਸ ’ਚ 7 ਵਿਅਕਤੀਆਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ’ਚ ਬਿੰਦਰ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ, ਲਖਵੀਰ ਸਿੰਘ, ਡੋਡੀ, ਜਸਪਾਲ ਸਿੰਘ, ਸੁਖਦੇਵ ਸਿੰਘ ਵਾਸੀ ਭਮਾਂ ਖੁਰਦ ਦੇ ਨਾਂ ਸ਼ਾਮਲ ਹਨ ਅਤੇ 10 ਅਣਪਛਾਤੇ ਹਨ।
ਇਹ ਖ਼ਬਰ ਵੀ ਪੜ੍ਹੋ : ਬਟਾਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 4 ਜੀਆਂ ਸਣੇ 5 ਦੀ ਮੌਤ
ਵਣ ਗਾਰਡ ਇੰਚਾਰਜ ਨਗੀਨ ਕੁਮਾਰ ਨੇ ਕੂੰਮਕਲਾਂ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਹਾਦੀਵਾਲ ਜੰਗਲੀ ਖੇਤਰ ਵਿਚ ਗਸ਼ਤ ਕਰ ਰਿਹਾ ਸੀ ਤਾਂ ਜੰਗਲ ’ਚੋਂ ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਹੁੰਦੀ ਦੇਖੀ। ਬਿਆਨਕਰਤਾ ਅਨੁਸਾਰ ਹਾਦੀਵਾਲ ਦੇ ਜੰਗਲੀ ਖੇਤਰ ’ਚੋਂ ਇਕ ਰੇਤੇ ਨਾਲ ਭਰੀ ਟਰਾਲੀ ਨੂੰ 2 ਟ੍ਰੈਕਟਰ ਕੱਢ ਰਹੇ ਸਨ ਅਤੇ ਇਕ ਟਾਟਾ-407 ਗੱਡੀ ਰੇਤੇ ਨਾਲ ਭਰੀ ਦੇਖੀ । ਮੌਕੇ ’ਤੇ ਬਿੰਦਰ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀ ਫਸੀ ਹੋਈ ਟਰਾਲੀ ਮੌਕੇ ’ਤੇ ਛੱਡ ਕੇ ਟਾਟਾ-407 ਭਜਾ ਕੇ ਲੈ ਗਏ। ਵਣ ਗਾਰਡ ਇੰਚਾਰਜ ਨਗੀਨ ਕੁਮਾਰ ਨੇ ਬਿਆਨ ਦਿੱਤੇ ਕਿ ਉਹ ਇਸ ਦੌਰਾਨ ਪੁਲਸ ਨੂੰ ਫੋਨ ਕਰਨ ਲੱਗਾ ਤਾਂ ਉਕਤ ਸਾਰੇ ਵਿਅਕਤੀ ਹਥਿਆਰਾਂ ਸਮੇਤ ਵਾਪਸ ਆਏ ਅਤੇ ਮੈਨੂੰ ਮਾਰਨ ਦੀ ਨੀਅਤ ਨਾਲ ਬਿੰਦਰ ਸਿੰਘ ਨੇ ਹੱਥ ਵਿਚ ਫੜੀ ਗੰਡਾਸੀ ਮਾਰੀ, ਜਿਸ ’ਤੇ ਮੈਂ ਪਿੱਛੇ ਭੱਜ ਕੇ ਆਪਣੀ ਜਾਨ ਬਚਾਈ, ਫਿਰ ਮਨਜੀਤ ਸਿੰਘ ਤੇ ਮਹਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜੀਆਂ ਸੋਟੀਆਂ ਮੇਰੇ ਸਰੀਰ ’ਤੇ ਮਾਰੀਆਂ। ਇਹ ਕੁਲ 16-17 ਵਿਅਕਤੀ ਸਨ, ਜਿਨ੍ਹਾਂ ਨੇ ਸਾਡੀ ਸਾਰੀ ਟੀਮ ਨੂੰ ਰੋਕ ਕੇ ਗਾਲੀ-ਗਲੋਚ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਬਿਆਨਕਰਤਾ ਨਗੀਨ ਕੁਮਾਰ ਅਨੁਸਾਰ ਬੜੀ ਮੁਸ਼ਕਿਲ ਨਾਲ ਉਸ ਦੇ ਸਾਥੀਆਂ ਨੇ ਉਸ ਨੂੰ ਬਚਾ ਕੇ ਇਲਾਜ ਲਈ ਕੂੰਮਕਲਾਂ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੂੰਮਕਲਾਂ ਥਾਣਾ ਮੁਖੀ ਕੁਲਵੀਰ ਸਿੰਘ ਨੇ ਦੱਸਿਆ ਕਿ ਸਤਲੁੱਜ ਦਰਿਆ ’ਚ ਨਾਜਾਇਜ਼ ਮਾਈਨਿੰਗ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਹੈ ਅਤੇ ਇਸ ਮਾਮਲੇ ’ਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ’ਤੇ ਵੀ ਮਾਮਲਾ ਦਰਜ
ਹਾਦੀਵਾਲ ਦੇ ਜੰਗਲੀ ਖੇਤਰ ਵਿਚ ਨਾਜਾਇਜ਼ ਮਾਈਨਿੰਗ ਅਤੇ ਵਣ ਗਾਰਡ ਇੰਚਾਰਜ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸੁਖਦੇਵ ਸਿੰਘ ਵਾਸੀ ਭਮਾਂ ਖੁਰਦ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਨਾਜਾਇਜ ਮਾਈਨਿੰਗ ਦੇ ਮਾਮਲੇ ’ਚ ਇਸ ਸਿਆਸੀ ਆਗੂ ਦਾ ਨਾਂ ਚਰਚਾ ਵਿਚ ਆਇਆ ਸੀ। ਜਦੋਂ ਇਸ ਸਬੰਧੀ ਬਲਾਕ ਪ੍ਰਧਾਨ ਦਾ ਪੱਖ ਲੈਣ ਲਈ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਸਵਿੱਚ ਆਫ਼ ਆ ਰਿਹਾ ਸੀ।