ਰੇਤ ਮਾਫੀਆ ਵੀ ਸ਼ਰਾਬ ਮਾਫੀਆ ਵਾਂਗ ਸਰਕਾਰ ਨੂੰ ਲਾ ਰਿਹਾ ਹੈ ਕਰੋੜਾ ਦਾ ਚੂਨਾ : ਬੀਰ ਦਵਿੰਦਰ ਸਿੰਘ

Saturday, May 23, 2020 - 09:45 PM (IST)

ਸ੍ਰੀ ਅਨੰਦਪੁਰ ਸਾਹਿਬ, (ਸ਼ਮਸ਼ੇਰ ਸਿੰਘ ਡੂਮੇਵਾਲ)- ਪੰਜਾਬ ਦੇ ਸ਼ਰਾਬ ਮਾਫੀਏ ਵਾਂਗ ਹੀ ਪੰਜਾਬ 'ਚ ਰੇਤ ਮਾਫੀਆ ਵੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਪੰਜਾਬ 'ਚ ਖਣਿਜ ਪਦਾਰਥਾਂ ਨਾਲ ਭਰਪੂਰ ਖਾਣਾਂ ਦੀ ਖੁਦਾਈ ਅਤੇ ਪੁਟਾਈ ਲਈ ਕੋਈ ਪੁਖਤਾ ਅਤੇ ਸਪਸ਼ਟ ਨੀਤੀ ਨਾ ਹੋਣ ਕਾਰਣ, ਰੇਤ ਅਤੇ ਬਜਰੀ ਦੀ ਵੱਡੇ ਪੱਧਰ 'ਤੇ ਸਮੱਗਲਿੰਗ ਹੋ ਰਹੀ ਹੈ। ਇਸ ਕਾਰੋਬਾਰ ਦੇ ਅੰਦਾਜ਼ਨ ਹਜ਼ਾਰਾਂ ਕਰੋੜ ਦਾ ਆਦਾਨ-ਪ੍ਰਦਾਨ ਅਤੇ ਲੈਣ-ਦੇਣ, ਸਰਕਾਰੀ ਖਜ਼ਾਨੇ ਨੂੰ ਵੱਡਾ ਚੂਨਾ ਲਾ ਕੇ, ਬਾਹਰ ਦੀ ਬਾਹਰ ਹੀ ਹੋ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰੇਤ ਮਾਫੀਏ ਦੇ ਕਾਰੋਬਾਰ ਵੀ ਸ਼ਰਾਬ ਮਾਫੀਏ ਵਾਂਗ ਹੀ ਕਰਫਿਊ ਅਤੇ ਲਾਕਡਾਊਨ ਦੀਆਂ ਧਜੀਆਂ ਉੱਡਾ ਕੇ, ਬਿਨਾਂ ਕਿਸੇ ਰੋਕ-ਟੋਕ ਦੇ ਦਿਨ ਰਾਤ ਹੋ ਰਿਹਾ ਸੀ। ਪਠਾਨਕੋਟ ਤੋਂ ਸ਼ੁਰੂ ਹੋ ਕੇ ਰੋਪੜ ਤੱਕ ਕੋਈ ਵੀ ਅਜਿਹਾ ਦਰਿਆ ਅਤੇ ਚੋਅ ਨਹੀਂ ਜਿੱਥੇ ਰੇਤ ਮਾਫੀਆਂ ਨਾਜਾਇਜ਼ ਤੌਰ 'ਤੇ ਮਾਇਨਿੰਗ ਨਹੀਂ ਕਰ ਰਿਹਾ। ਇਨ੍ਹਾਂ ਵਿਚਾਰਾਂ ਦਾ ਖੁਲਾਸਾ ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਅਤੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਮੁੱਚੇ ਰੇਤ ਅਤੇ ਬੱਜਰੀ ਮਾਫੀਏ ਦਾ ਇਕ ਵੱਡਾ ਸਰਗੁਣਾ, ਜੰਮੂ-ਕਸ਼ਮੀਰ ਦਾ ਕੋਈ 'ਚੌਧਰੀ' ਸੁਣਿਆ ਜਾ ਰਿਹਾ ਹੈ ਜਿਸਦੇ ਗੁੰਡੇ ਪਠਾਨਕੋਟ ਤੋਂ ਲੈ ਕੇ ਰੋਪੜ ਤੱਕ, ਹਰ ਕਰੈਸ਼ਰ ਅਤੇ ਰੇਤ-ਬਜ਼ਰੀ ਦੇ ਭਰੇ ਹੋਏ ਟਰੱਕਾਂ ਪਾਸੋਂ, 800 ਰੁਪਏ ਤੋਂ 1000 ਰੁਪਏ ਤੱਕ, ਪ੍ਰਤੀ ਟਰੱਕ, ਜਬਰੀ 'ਗੁੰਡਾ ਟੈਕਸ' ਵਸੂਲਦੇ ਹਨ। ਸਰਗੋਸ਼ੀਆਂ ਤਾਂ ਇਹ ਹਨ ਕਿ ਇਸ ਅਖੌਤੀ 'ਚੌਧਰੀ' ਦੇ ਮਾਫੀਏ ਨੂੰ ਮਿਲ ਰਹੀ ਸ਼ਾਹੀ ਸਰਪ੍ਰਸਤੀ ਦੀਆਂ ਤਾਰਾਂ ਵੀ ਕਿਤੇ ਨਾ ਕਿਤੇ 'ਸਾਰਾਗੜ੍ਹੀ ਫਾਰਮ' 'ਚ ਹੀ ਜਾ ਜੁੜਦੀਆਂ ਹਨ। ਇਹ 'ਚੌਧਰੀ' ਕੌਣ ਹੈ ਇਸ ਬਾਰੇ ਖੁਲਾਸਾ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਰਾਣਾ ਕੇ.ਪੀ ਸਿੰਘ ਹੀ ਕਰ ਸਕਦੇ ਹਨ। ਉਨ੍ਹਾਂ ਨੂੰ ਇਹ ਪੱਖ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗੁੰਡਾ ਟੈਕਸ ਦੇ ਜ਼ਰੀਏ ਵਸੂਲਿਆ ਜਾ ਰਿਹਾ ਕਰੋੜਾਂ ਦਾ ਜਜ਼ੀਆ ਕਿੱਥੇ ਜਾਂਦਾ ਹੈ?
ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਅਗੰਮਪੁਰ ਪਿੰਡ ਦੀ ਹਦੂਦ 'ਚ, ਦਰਿਆ ਸਤਲੁਜ ਦੇ ਤਲ 'ਚੋਂ ਗੁਜ਼ਰ ਰਹੀ 220 ਕੇ.ਵੀ. ਲਾਈਨ ਦਾ ਇਕ ਵੱਡਾ ਟਾਵਰ ਤਾਂ ਹੁਣ ਡਿੱਗਣ ਹੀ ਵਾਲਾ ਹੈ ਕਿਉਂਕਿ ਇਸ ਦੇ ਆਲੇ-ਦੁਆਲਿਓਂ ਮਾਈਨਿੰਗ ਮਾਫੀਏ ਨੇ ਤਕਰੀਬਨ 20 ਫੁੱਟ ਡੂੰਘੇ ਟੋਏ ਚਾਰੇ ਪਾਸੇ ਕਰ ਦਿੱਤੇ ਹਨ ਅਤੇ ਇਸ ਟਾਵਰ ਨੂੰ ਚਾਰੇ ਪਾਸਿਓਂ ਖੋਖਲਾ ਕਰ ਦਿੱਤਾ ਹੈ ਜੋ ਕਿ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਅਤੇ ਇਸ 220 ਕੇ.ਵੀ. ਲਾਈਨ ਤੋਂ ਸੰਚਾਲਤ ਕੀਤੀ ਜਾ ਰਹੀ ਬਿਜਲੀ ਸਪਲਾਈ ਨੂੰ ਕਿਸੇ ਵੇਲੇ ਵੀ ਠੱਪ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਸਥਾਨਕ ਐੱਸ.ਡੀ.ਓ ਲਖਵਿੰਦਰ ਸਿੰਘ ਨੇ ਇਹ ਮਾਮਲਾ ਮਾਇੰਨਿਗ ਵਿਭਾਗ ਦੇ ਧਿਆਨ 'ਚ ਫਰਵਰੀ ਦੇ ਮਹੀਨੇ ਲਿਆ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਇਸ ਰੇਤ ਮਾਫੀਏ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋਈ, ਨਤੀਜਾ ਇਹ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਨੂੰ ਬੇਵੱਸ ਹੋ ਕੇ ਹੁਣ ਇਸ ਟਾਵਰ ਨੂੰ ਕਿਸੇ ਹੋਰ ਜਗਾ ਬਦਲਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਇਸ ਟਾਵਰ ਦੀ ਮੁਰਮੰਤ ਕਰਨ 'ਤੇ ਲਗਭਗ 1.20 ਕਰੋੜ ਰੁਪਏ ਦਾ ਅਨੁਮਾਨਤ ਖਰਚਾ ਹੋ ਸਕਦਾ ਹੈ, ਜਿਸ ਤੋਂ ਬਾਅਦ ਵੀ ਇਸ ਟਾਵਰ ਦੇ ਖੜ੍ਹੇ ਰਹਿਣ ਦੀ ਕੋਈ ਗਾਰੰਟੀ ਨਹੀਂ।
ਚੇਤੇ ਰਹੇ ਕਿ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਿੱਧਾ ਅਧੀਨ ਹੈ ਅਤੇ ਇਹ ਵੀ ਕਰ ਅਤੇ ਆਬਕਾਰੀ ਮਹਿਕਮੇਂ ਵਾਂਗ ਉਨ੍ਹਾਂ ਦੀ ਵੱਡੀ ਅਣਗਹਿਲੀ ਦਾ ਸ਼ਿਕਾਰ ਹੈ। ਪੰਜਾਬ 'ਚ ਮਾਫੀਆ ਰਾਜ ਦਾ ਅੰਤ ਕਦੋਂ ਹੋਵੇਗਾ, ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ, ਉਂਝ ਪਾਪਾਂ ਦਾ ਘੜਾ ਹੁਣ ਨੱਕੋ-ਨੱਕ ਭਰ ਚੁੱਕਾ ਹੈ।


Bharat Thapa

Content Editor

Related News