ਫਾਜ਼ਿਲਕਾ ਜ਼ਿਲ੍ਹੇ ’ਚ ਤਿੰਨ ਰੇਤਾ ਦੀਆਂ ਖੱਡਾਂ ਸ਼ੁਰੂ, ਲੋਕਾਂ ਨੂੰ ਮਿਲੀ ਰਾਹਤ

Monday, Feb 06, 2023 - 05:13 PM (IST)

ਫਾਜ਼ਿਲਕਾ ਜ਼ਿਲ੍ਹੇ ’ਚ ਤਿੰਨ ਰੇਤਾ ਦੀਆਂ ਖੱਡਾਂ ਸ਼ੁਰੂ, ਲੋਕਾਂ ਨੂੰ ਮਿਲੀ ਰਾਹਤ

ਫਾਜ਼ਿਲਕਾ (ਨਾਗਪਾਲ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤਾ ਰੇਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਾਜ਼ਿਲਕਾ ਜ਼ਿਲ੍ਹੇ ’ਚ 3 ਖੱਡਾਂ ਤੋਂ ਰੇਤਾ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਉਪਮੰਡਲ ਦੇ ਪਿੰਡ ਬਾਧਾ ’ਚ ਦੋ ਅਤੇ ਜਲਾਲਾਬਾਦ ਉਪਮੰਡਲ ਦੇ ਪਿੰਡ ਗਰੀਬਾਂ ਸਾਂਦੜ ਵਿਖੇ ਇਕ ਖੱਡ ਸ਼ੁਰੂ ਕਰਵਾਈ ਗਈ ਹੈ। ਇਨ੍ਹਾਂ ਖੱਡਾਂ ਤੋਂ ਫਾਜ਼ਿਲਕਾ ਜ਼ਿਲ੍ਹੇ ਦੀਆਂ ਜ਼ਰੂਰਤਾਂ ਅਨੁਸਾਰ ਭਰਪੂਰ ਰੇਤਾ ਮਿਲ ਸਕੇਗਾ।

ਡਿਪਟੀ ਕਮਿਸ਼ਨਰ ਡਾ. ਦੁੱਗਲ ਨੇ ਦੱਸਿਆ ਕਿ ਇਨ੍ਹਾਂ ਖੱਡਾਂ ਤੋਂ ਲੋਕਾਂ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ’ਤੇ ਰੇਤਾ ਮਿਲੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਟਰੈਕਟਰ ਟਰਾਲੀ ਰਾਹੀਂ ਇੱਥੋਂ ਆਪਣੀ ਲੇਬਰ ਰਾਹੀਂ ਟਰਾਲੀ ਭਰਵਾ ਕੇ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਅਦਾਇਗੀ ਕਰਕੇ ਰੇਤ ਲੈ ਜਾ ਸਕਦਾ ਹੈ। ਮੌਕੇ ’ਤੇ ਮਾਇਨਿੰਗ ਵਿਭਾਗ ਦੇ ਅਧਿਕਾਰੀ ਹਾਜ਼ਰ ਹਨ ਜੋ ਮੌਕੇ ’ਤੇ ਹੀ ਅਦਾਇਗੀ ਲੈ ਕੇ ਰੇਤੇ ਦੀ ਭਰਾਈ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੱਡਾਂ ਤੋਂ ਸਿਰਫ ਲੇਬਰ ਦੀ ਮਦਦ ਨਾਲ ਹੀ ਰੇਤੇ ਦੀ ਨਿਕਾਸੀ ਦੀ ਆਗਿਆ ਦਿੱਤੀ ਗਈ ਹੈ ਅਤੇ ਮਸ਼ੀਨਾਂ ਨਾਲ ਖੁਦਾਈ ਜਾਂ ਭਰਾਈ ਕਰਨ ਦੀ ਆਗਿਆ ਨਹੀਂ ਹੋਵੇਗੀ।

ਉਧਰ ਫਾਜ਼ਿਲਕਾ ਜ਼ਿਲ੍ਹੇ ’ਚ ਰੇਤੇ ਦੀਆਂ ਖੱਡਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਪਿੰਡ ਬਾਧਾ ਦੇ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਕਿ ਤੈਅ ਕੀਮਤ ’ਤੇ ਘਰ ਦੇ ਨੇੜੇ ਹੀ ਰੇਤਾ ਮਿਲਣ ਲੱਗਿਆ ਹੈ ਜਦਕਿ ਪਹਿਲਾਂ ਰੇਤਾ ਲੈਣ ਦੂਰ ਜਾਣਾ ਪੈਂਦਾ ਸੀ। ਇਸੇ ਤਰ੍ਹਾਂ ਸਤਨਾਮ ਸਿੰਘ ਵਾਸੀ ਪਿੰਡ ਮਿਆਣੀ ਨੇ ਰੇਤ ਖੱਡਾਂ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਖੱਡਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਜਿੱਥੇ ਸਸਤਾ ਰੇਤਾ ਮਿਲੇਗਾ ਉਥੇ ਹੀ ਇਸ ਨਾਲ ਲੇਬਰ ਨੂੰ ਵੀ ਕੰਮ ਮਿਲੇਗਾ।


author

Gurminder Singh

Content Editor

Related News