ਸਮਰਾਲਾ ''ਚ ਦਾਦਾ-ਪੋਤਾ ਬਣੇ ਸਿਆਸੀ ਦੁਸ਼ਮਣ, ਇਕ-ਦੂਜੇ ਖ਼ਿਲਾਫ਼ ਲੜਨਗੇ ਸਿਆਸੀ ਜੰਗ
Thursday, Feb 10, 2022 - 03:42 PM (IST)
 
            
            ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਸਮਰਾਲਾ ਇੱਕ ਅਜਿਹਾ ਖੇਤਰ ਹੈ, ਜਿੱਥੇ ਕਿ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤਰੇ ਪਰਮਜੀਤ ਸਿੰਘ ਢਿੱਲੋਂ ਵਿਚਕਾਰ ਸਿਆਸੀ ਜੰਗ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਦੀ ਟਿਕਟ ਕੱਟਣ ਤੋਂ ਬਾਅਦ ਉਨ੍ਹਾਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਪਰ ਦੂਜੇ ਪਾਸੇ ਉਨ੍ਹਾਂ ਦੇ ਸਕੇ ਭਰਾ ਦਾ ਪੋਤਰਾ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਟਿਕਟ ਲੈ ਕੇ ਮੈਦਾਨ ਵਿਚ ਨਿੱਤਰ ਆਇਆ ਹੈ। ਹੁਣ ਦਾਦਾ-ਪੋਤਾ ਆਹਮੋ-ਸਾਹਮਣੇ ਹੋ ਇੱਕ-ਦੂਜੇ ਨੂੰ ਹਰਾਉਣ ਵਿਚ ਜੁੱਟੇ ਹੋਏ ਹਨ।
ਵਿਧਾਇਕ ਅਮਰੀਕ ਸਿੰਘ ਢਿੱਲੋਂ 4 ਵਾਰ ਹਲਕਾ ਸਮਰਾਲਾ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਪਰਿਵਾਰ ਦਾ ਕਾਰੋਬਾਰ ਇਕੱਠਾ ਹੋਣ ਕਾਰਨ ਉਨ੍ਹਾਂ ਦੇ ਭਰਾ ਰਜਿੰਦਰ ਸਿੰਘ ਢਿੱਲੋਂ ਦਾ ਪੁੱਤਰ ਪਰਮਜੀਤ ਸਿੰਘ ਢਿੱਲੋਂ ਆਪਣੀ ਇੰਗਲੈਂਡ ਵਿਖੇ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਿਆਸਤ ’ਚ ਵਿਚਰਨਾ ਸ਼ੁਰੂ ਹੋ ਗਿਆ। ਵਿਧਾਇਕ ਅਮਰੀਕ ਸਿੰਘ ਢਿੱਲੋਂ ਆਪਣੇ ਪੋਤੇ ਪਰਮਜੀਤ ਸਿੰਘ ਢਿੱਲੋਂ ਨੂੰ ਉਂਗਲ ਫੜ੍ਹ ਕੇ ਸਿਆਸਤ ਵਿਚ ਲਿਆਏ ਅਤੇ ਹਲਕਾ ਸਮਰਾਲਾ ਤੋਂ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ। ਸਿਆਸਤ ’ਚ ਆਉਣ ਤੋਂ ਬਾਅਦ ਪੋਤੇ ਪਰਮਜੀਤ ਸਿੰਘ ਢਿੱਲੋਂ ਨੇ ਆਪਣੇ ਦਾਦੇ ਤੋਂ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ, ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਨਾਲ ਲਾਮਬੰਦ ਕਰ ਪੰਜਾਬ ਯੂਥ ਫੋਰਸ ਦਾ ਗਠਨ ਕਰਕੇ ਆਪਣੀਆਂ ਵੱਖਰੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਨਾਈਟ ਕਰਫ਼ਿਊ' ਖ਼ਤਮ, ਰਾਕ ਗਾਰਡਨ ਤੇ ਬਰਡ ਪਾਰਕ ਖੋਲ੍ਹਣ ਦੇ ਹੁਕਮ ਜਾਰੀ
ਵਿਧਾਇਕ ਅਮਰੀਕ ਸਿੰਘ ਢਿੱਲੋਂ ਆਪਣੇ ਸਕੇ ਪੋਤੇ ਕਰਨਵੀਰ ਸਿੰਘ ਢਿੱਲੋਂ ਨੂੰ ਸਿਆਸਤ ਵਿਚ ਲਿਆ ਕੇ ਆਪਣਾ ਸਿਆਸੀ ਵਾਰਿਸ ਬਣਾਉਣਾ ਚਾਹੁੰਦੇ ਸਨ, ਜਦੋਂ ਕਿ ਸਕੇ ਭਰਾ ਦੇ ਪੋਤੇ ਪਰਮਜੀਤ ਸਿੰਘ ਢਿੱਲੋਂ ਨੇ ਕਾਂਗਰਸ ਤੋਂ ਕਿਨਾਰਾ ਕਰ ਆਪਣੇ ਦਾਦੇ ਖ਼ਿਲਾਫ਼ ਕੁੱਝ ਸਾਲ ਪਹਿਲਾਂ ਹੀ ਮੋਰਚਾ ਖੋਲ੍ਹ ਦਿੱਤਾ ਅਤੇ ਸਮਰਾਲਾ ਨਗਰ ਕੌਂਸਲ ਚੋਣਾਂ ਵਿਚ ਆਜ਼ਾਦ ਉਮੀਦਵਾਰ ਖੜ੍ਹੇ ਕਰ 5 ਕੌਂਸਲਰ ਜਿਤਾਏ। ਢਿੱਲੋਂ ਪਰਿਵਾਰ ਦੇ ਦਾਦੇ-ਪੋਤੇ ਵਿਚ ਵੱਧਦੀ ਖੱਟਾਸ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਮਿਲੀ ਪਰ ਹਾਲਾਤ ਅਜਿਹੇ ਬਣੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੋਤਾ ਪਰਮਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨ ਦਿੱਤਾ ਗਿਆ, ਜਦੋਂ ਕਿ ਵਿਧਾਇਕ ਢਿੱਲੋਂ ਦੀ ਟਿਕਟ ਕੱਟਣ ਕਾਰਨ ਉਨ੍ਹਾਂ ਨੂੰ ਆਜ਼ਾਦ ਤੌਰ ’ਤੇ ਚੋਣ ਲੜਨੀ ਪੈ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਾਦਾ-ਪੋਤਾ ਆਪਸ ਵਿਚ ਸਿਆਸੀ ਦੁਸ਼ਮਣ ਬਣ ਗਏ ਅਤੇ ਹੁਣ 10 10 ਮਾਰਚ ਨੂੰ ਨਤੀਜੇ ਦੱਸਣਗੇ ਕਿ ਕੌਣ ਕਿਸ ਉੱਪਰ ਭਾਰੂ ਰਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            