ਸਮਰਾਲਾ ਦੇ ਵਿਧਾਇਕ ਦਿਆਲਪੁਰਾ ਵੀ ਆਏ ਐਕਸ਼ਨ ’ਚ, ਅਧਿਕਾਰੀਆਂ ਨੂੰ ਜਾਰੀ ਕੀਤੀ ਸਖ਼ਤ ਤਾੜਨਾ

Tuesday, Mar 15, 2022 - 12:15 PM (IST)

ਸਮਰਾਲਾ ਦੇ ਵਿਧਾਇਕ ਦਿਆਲਪੁਰਾ ਵੀ ਆਏ ਐਕਸ਼ਨ ’ਚ, ਅਧਿਕਾਰੀਆਂ ਨੂੰ ਜਾਰੀ ਕੀਤੀ ਸਖ਼ਤ ਤਾੜਨਾ

ਸਮਰਾਲਾ (ਗਰਗ) : ਪੰਜਾਬ ਦੇ ਲੋਕਾਂ ਵੱਲੋਂ ਚੁਣੀ ਗਈ ਨਵੀਂ ਸਰਕਾਰ ਦੇ ਵਿਧਾਇਕ ਲੋਕਾਂ ਦੀਆਂ ਉਮੀਦਾਂ ਅਤੇ ਰੀਝਾਂ ਨੂੰ ਪੂਰਾ ਕਰਨ ਲਈ ਪੂਰੀ ਤਰਾਂ ਐਕਸ਼ਨ ਵਿੱਚ ਆ ਗਏ ਹਨ। ਇਸੇ ਕੜੀ ਤਹਿਤ ਸਮਰਾਲਾ ਤੋਂ ਆਪ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਹਲਕੇ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਲਈ ਆਪਣੀ ਟੀਮ ਦੇ ਨਾਲ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਸਮਰਾਲਾ ਦੇ ਸਿਵਲ ਹਸਪਤਾਲ ਪੁੱਜੇ ਵਿਧਾਇਕ ਦਿਆਲਪੁਰਾ ਨੇ ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਸਮੇਂ ’ਤੇ ਅਤੇ ਸੇਵਾ ਭਾਵਨਾ ਨਾਲ ਡਿਊਟੀ ਕਰਨ ਦੀ ਨਸੀਹਤ ਦਿੰਦੇ ਹੋਏ ਇਹ ਵੀ ਆਖਿਆ ਕਿ ਹੁਣ ਪੁਰਾਣੇ ਤੋਰ-ਤਰੀਕੇ ਨਹੀਂ ਚੱਲਣਗੇ।

ਉਨ੍ਹਾਂ ਹਸਪਤਾਲ ਵਿੱਚ ਲੋੜੀਂਦੀਆਂ ਘਾਟਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੰਦਿਆ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਡਾਕਟਰ ਇਲਾਜ ਦੇ ਨਾਂ ’ਤੇ ਮਰੀਜ਼ਾਂ ਦੀ ਲੁੱਟ ਨਾ ਕਰੇ ਅਤੇ ਹਸਪਤਾਲ ਵਿੱਚ ਮੌਜੂਦ ਦਵਾਈਆਂ ਅਤੇ ਸਾਰੇ ਟੈਸਟ ਅੰਦਰ ਹੀ ਕੀਤੇ ਜਾਣ। ਇਸੇ ਤਰ੍ਹਾਂ ਉਨ੍ਹਾਂ ਤਹਿਸੀਲਦਾਰ ਦੇ ਦਫ਼ਤਰ ਪੁੱਜ ਕੇ ਉੱਥੇ ਵੀ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਨ ਸਮੇਤ ਇਹੀ ਤਾੜਨਾ ਕੀਤੀ ਕਿ ਲੋਕਾਂ ਨੂੰ ਖੱਜਲ-ਖੁਆਰ ਕਰਨ ਸਮੇਤ ਟਾਲ-ਮਟੋਲ ਵਾਲੀ ਆਦਤ ਨੂੰ ਸਾਰੇ ਮੁਲਾਜ਼ਮ ਤੁਰੰਤ ਛੱਡਦੇ ਹੋਏ ਲੋਕਾਂ ਦੇ ਕੰਮ ਸਮੇਂ ’ਤੇ ਕਰਨ ਦੀ ਆਦਤ ਪਾ ਲੈਣ। ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਵੀ ਉਨ੍ਹਾਂ ਮੁਲਾਜ਼ਮਾਂ ਦੀ ਹਾਜ਼ਰੀ ਚੈੱਕ ਕਰਦੇ ਹੋਏ ਕਾਰਜ਼ ਸਾਧਕ ਅਫ਼ਸਰ ਸਮੇਤ ਕੌਂਸਲਰਾਂ, ਠੇਕੇਦਾਰਾਂ ਤੇ ਹੋਰ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਇਹੀ ਹਦਾਇਤ ਅਤੇ ਅਪੀਲ ਕੀਤੀ ਕਿ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਸਾਰੇ ਕੰਮ ਕੀਤੇ ਜਾਣ।

ਉਨ੍ਹਾਂ ਇਹ ਹਦਾਇਤ ਵੀ ਜਾਰੀ ਕੀਤੀ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਸਮੇਤ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਢੁੱਕਵੇ ਕਦਮ ਚੁੱਕੇ ਜਾਣ, ਇਸ ਵਿੱਚ ਕੋਈ ਅਣਗਹਿਲੀ ਉਹ ਕਿਸੇ ਕੀਮਤ ਬਰਦਾਸ਼ਤ ਨਹੀ ਕਰਨਗੇ। ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੇ ਬੀ. ਡੀ. ਪੀ. ਓ. ਦਫਤਰ ਵਿਖੇ ਪਹੁੰਚ ਕੇ ਵੀ ਉਨ੍ਹਾਂ ਪਿੰਡਾਂ ਵਿੱਚ ਅਧੂਰੇ ਪਏ ਕੰਮਾਂ ਬਾਰੇ ਜਾਣਕਾਰੀ ਲੈਂਦੇ ਹੋਏ ਤਾੜਨਾ ਕੀਤੀ ਕਿ ਹੁਣ ਲਾਰੇ-ਲੱਪੇ ਨਾਲ ਕੰਮ ਨਹੀਂ ਚੱਲਣੇ ਅਤੇ ਲੋਕਾਂ ਦੇ ਕੰਮ ਤੁਰੰਤ ਕਰਨੇ ਪੈਣਗੇ। ਲੋਕ ਨਿਰਮਾਣ ਵਿਭਾਗ, ਫਰਦ ਕੇਂਦਰ ਸਮੇਤ ਹੋਰ ਕਈ ਦਫ਼ਤਰਾਂ ਵਿੱਚ ਵੀ ਮੁਲਾਜ਼ਮਾਂ ਦੀ ਹਾਜ਼ਰੀ ਨੂੰ ਚੈੱਕ ਕਰਦੇ ਹੋਏ ਵਿਧਾਇਕ ਦਿਆਲਪੁਰਾ ਨੇ ਮੁਲਾਜ਼ਮਾਂ ਨੂੰ ਸਮੇਂ 'ਤੇ ਲੋਕਾਂ ਦੇ ਕੰਮ ਕਰਨ ਲਈ ਕਿਹਾ।

ਇਕ ਹਫ਼ਤੇ ’ਚ ਦਫ਼ਤਰਾਂ ਦਾ ਸਿਸਟਮ ਸੁਧਾਰ ਦਿਆਂਗਾ

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆ ਆਖਿਆ ਕਿ ਸਮਰਾਲਾ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਜਿਹੜੀ ਡਿਊਟੀ ਸੰਭਾਲੀ ਹੈ, ਉਸ ਨੂੰ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਨਿੱਤਰ ਪਏ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਬਾਬੂਆਂ ਨੂੰ ਲੋਕ ਸੇਵਕ ਬਣ ਕੇ ਜਨਤਾਂ ਦੇ ਕੰਮ ਕਰਨੇ ਪੈਣਗੇ ਅਤੇ ਕਿਸੇ ਵੀ ਵਿਅਕਤੀ ਨਾਲ ਹੁਣ ਕੋਈ ਧੱਕਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਵੇਖਣਗੇ ਕਿ ਕਿਵੇ ਹੁਣ 1 ਹਫ਼ਤੇ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸਿਸਟਮ ਸੁਧਰਦਾ ਹੈ। ਦਿਆਲਪੁਰਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਵੇ ਇੱਥੇ ਲੋਕਾਂ ਦੀ ਲੁੱਟ ਹੋਈ ਅਤੇ ਕਿਵੇ ਮਨਮਰਜੀਆਂ ਹੋਈਆਂ ਉਹ ਸਭ ਉਨ੍ਹਾਂ ਦੇ ਧਿਆਨ ਵਿੱਚ ਹੈ। 

 


author

Babita

Content Editor

Related News