ਸਮਰਾਲਾ ਚੌਂਕ ''ਚ ਲੱਗੇ ਧਰਨੇ ਦੌਰਾਨ ਪੁਲਸ ਨੇ ਦਮਨਦੀਪ ਖ਼ਾਲਸਾ ਨੂੰ ਲਿਆ ਹਿਰਾਸਤ ''ਚ
Friday, Nov 12, 2021 - 04:22 PM (IST)
ਸਮਰਾਲਾ (ਤਰੁਣ) : ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮੰਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਲਈ ਸਮਰਾਲਾ ਚੌਂਕ 'ਚ ਲੱਗੇ ਧਰਨੇ ਦੌਰਾਨ ਦਮਨਦੀਪ ਸਿੰਘ ਖ਼ਾਲਸਾ ਨੂੰ ਪੁਲਸ ਵੱਲੋਂ ਹਿਰਾਸਤ 'ਚ ਲਿਆ ਗਿਆ ਹੈ। ਫਿਲਹਾਲ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜੱਥੇਦਾਰ ਤੇਜਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪੁਲਸ ਦਮਨਦੀਪ ਸਿੰਘ ਖ਼ਾਲਸਾ ਨੂੰ ਕਿਉਂ ਗ੍ਰਿਫ਼ਤਾਰ ਕਰਕੇ ਲੈ ਕੇ ਗਈ ਹੈ, ਇਸ ਦੀ ਪੁਸ਼ਟੀ ਕੀਤੀ ਜਾਵੇ ਅਤੇ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਮੋਰਚਾ ਕਿਸੇ ਵੀ ਹਾਲਾਤ 'ਚ ਖ਼ਤਮ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਸਿੱਖ ਭਾਈਚਾਰਾ ਪੂਰੇ ਪੰਜਾਬ 'ਚ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦਮਨਦੀਪ ਸਿੰਘ ਖ਼ਾਲਸਾ ਨਾਲ ਇਕ ਪੁਲਸ ਅਧਿਕਾਰੀ ਨੇ ਗਲਤ ਵਰਤਾਓ ਕੀਤਾ ਸੀ। ਪੁਲਸ ਅਧਿਕਾਰੀ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਜਿਸ ਨੂੰ ਸਿੱਖ ਸੰਗਤ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਅਨਿਲ ਅਰੋੜਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੂੰ ਗੁਹਾਰ ਲਾਈ ਜਾਵੇ।