ਸਮਰਾਲਾ : 40 ਲੱਖ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ
Wednesday, Oct 02, 2019 - 07:05 PM (IST)
ਸਮਰਾਲਾ,(ਗਰਗ): ਸਥਾਨਕ ਪੁਲਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਦੋ ਹੈਰੋਇਨ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ 40 ਲੱਖ ਰੁਪਏ ਕੀਮਤ ਦੱਸੀ ਆਂਕੀ ਗਈ ਹੈ। ਪੁਲਸ ਵੱਲੋਂ ਗ੍ਰਿਫ਼ਤਾਰ ਇਨ੍ਹਾਂ ਦੋਵੇਂ ਤਸਕਰਾਂ ਦੀ ਮੁੱਢਲੀ ਪੁੱਛ ਗਿੱਛ ਦੌਰਾਨ ਇਲਾਕੇ 'ਚ ਫ਼ੈਲੇ ਹੈਰੋਇਨ ਤਸਕਰ ਨੈਟਵਰਕ ਨਾਲ ਜੁੜੇ ਕਈ ਅਹਿਮ ਸੁਰਾਗਾਂ ਦਾ ਖੁਲਾਸਾ ਹੋਇਆ ਹੈ।
ਡੀ. ਐੱਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਐੱਚ. ਓ. ਸਿਕੰਦਰ ਸਿੰਘ ਦੀਆਂ ਹਦਾਇਤਾਂ 'ਤੇ ਅੱਜ ਪੁਲਸ ਪਾਰਟੀ ਨੇ ਪਿੰਡ ਸੇਹ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਸਫ਼ੇਦ ਰੰਗ ਦੀ ਆਈ 20 ਕਾਰ ਆਉਂਦੀ ਵਿਖਾਈ ਦਿੱਤੀ। ਪੁਲਸ ਨੇ ਇਸ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਚਾਲਕ ਤੇਜ਼ ਰਫ਼ਤਾਰੀ ਨਾਲ ਗੱਡੀ ਭਜਾ ਕੇ ਲੈ ਗਿਆ। ਭੱਜਣ ਦੀ ਕੋਸ਼ਿਸ਼ 'ਚ ਇਹ ਕਾਰ ਥੋੜੀ ਦੂਰ ਜਾ ਕੇ ਝੋਨੇ ਦੇ ਖੇਤਾਂ 'ਚ ਫ਼ਸ ਗਈ ਤੇ ਪੁਲਸ ਪਾਰਟੀ ਨੇ ਕਾਰ 'ਚ ਸਵਾਰ ਦੋਵੇਂ ਵਿਅਕਤੀਆਂ ਨੂੰ ਦਬੋਚ ਲਿਆ। ਇਨ੍ਹਾਂ ਦੀ ਤਲਾਸ਼ੀ ਦੌਰਾਨ ਪੁਲਸ ਨੂੰ 40 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਇਨ੍ਹਾਂ ਨੇ ਆਪਣੇ ਕੱਪੜਿਆਂ 'ਚ ਲੁਕੋ ਕੇ ਰੱਖੀ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਤਸਕਰ ਜਿਨਾਂ ਦੀ ਪਹਿਚਾਣ ਸਿਮਰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਚਾਵਾ ਤੇ ਹਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਚਾਵਾ ਵਜੋਂ ਹੋਈ ਹੈ। ਪੁਲਸ ਦਾ ਦਾਅਵਾ ਹੈ ਕਿ ਫ਼ੜੇ ਗਏ ਇਹ ਦੋਵੇਂ ਤਸਕਰ ਇਲਾਕੇ 'ਚ ਵੱਡੇ ਪੱਧਰ 'ਚ ਹੈਰੋਇਨ ਸਪਲਾਈ ਦਾ ਧੰਦਾ ਕਰਦੇ ਸਨ। ਪੁਲਸ ਨੇ ਇਨ੍ਹਾਂ ਦੋਵਾਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਓਧਰ ਪੁਲਸ ਸੂਤਰਾਂ ਮੁਤਾਬਕ ਮੁੱਢਲੀ ਪੁੱਛਗਿੱਛ 'ਚ ਇਨ੍ਹਾਂ ਦੋਵਾਂ ਤਸਕਰਾਂ ਨੇ ਇਲਾਕੇ 'ਚ ਫ਼ੈਲੇ ਨਸ਼ਾ ਤਸਕਰੀ ਦੇ ਨੈਟਵਰਕ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ ਤੇ ਪੁਲਸ ਇਨਾਂ ਦੀ ਨਿਸ਼ਾਨਦੇਹੀ 'ਤੇ ਹੋਰ ਬਰਾਮਦਗੀ 'ਚ ਜੁਟ ਗਈ ਹੈ।