15 ਮਹੀਨਿਆਂ ਬਾਅਦ ਖੁੱਲ੍ਹਿਆ ''ਟੋਲ ਪਲਾਜ਼ਾ'' ਕਿਸਾਨਾਂ ਨੇ 15 ਮਿੰਟਾਂ ''ਚ ਮੁੜ ਕਰਵਾਇਆ ਬੰਦ
Thursday, Dec 16, 2021 - 09:51 AM (IST)
ਸਮਾਣਾ (ਦਰਦ) : ਖੇਤੀ ਕਾਨੂੰਨਾਂ ਦੇ ਰੱਦ ਹੋਣ ਉਪਰੰਤ ਕਰੀਬ 15 ਮਹੀਨੇ ਬਾਅਦ ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁੱਪਕੀ ਨੇੜੇ ਸਥਿਤ ਟੋਲ ਬੈਰੀਅਰ ਚਾਲੂ ਕਰਨ ਦੇ ਸਿਰਫ 15 ਮਿੰਟਾਂ ਬਾਅਦ ਹੀ ਵਧਾਏ ਗਏ ਨਵੇਂ ਰੇਟਾਂ ਦੇ ਮੁੱਦੇ ’ਤੇ ਕਿਸਾਨ ਯੂਨੀਅਨ ਦੇ ਵਿਰੋਧ ਉਪਰੰਤ ਬੰਦ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ 12 ਵਜੇ ਉਕਤ ਟੋਲ ਬੈਰੀਅਰ ਦੁਬਾਰਾ ਖੋਲ੍ਹਣ ਮੌਕੇ ਕਿਸਾਨ ਯੂਨੀਅਨ ਨੇਤਾਵਾਂ ਵੱਲੋਂ ਰੀਬਨ ਕੱਟ ਕੇ ਉਕਤ ਟੋਲ-ਪਲਾਜ਼ਾ ਬੈਰੀਅਰ ਦੀ ਸ਼ੁਰੂਆਤ ਕਰਵਾਈ ਪਰ ਸਿਰਫ 15 ਮਿੰਟ ਬਾਅਦ ਹੀ ਕਿਸਾਨ ਯੂਨੀਅਨ ਦੇ ਇਕ ਹੋਰ ਸੰਗਠਨ ਦੇ ਪਹੁੰਚੇ ਵਰਕਰਾਂ ਵੱਲੋਂ ਟੋਲ-ਪਲਾਜ਼ਾ ਵੱਲੋਂ ਜਾਰੀ ਕੀਤੇ ਗਏ ਨਵੇਂ ਰੇਟਾਂ ਦਾ ਵਿਰੋਧ ਕਰ ਕੇ ਟੋਲ ਬੈਰੀਅਰ ’ਤੇ ਧਰਨਾ ਲੱਗਾ ਕੇ ਟੋਲ ਬੰਦ ਕਰਵਾ ਦਿੱਤਾ।
ਇਹ ਵੀ ਪੜ੍ਹੋ : ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ
ਵਧਾਏ ਗਏ ਨਵੇਂ ਰੇਟਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਨੇਤਾਵਾਂ ਨੇ ਟੋਲ ਬੰਦ ਹੋਣ ਸਮੇਂ ਪਿਛਲੇ ਸਾਲ ਤੋਂ ਚੱਲ ਰਹੇ ਰੇਟਾਂ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਅਤੇ ਕਿਹਾ ਕਿ ਨਵੇਂ ਰੇਟਾਂ ’ਤੇ ਟੋਲ ਬੈਰੀਅਰ ਨਹੀਂ ਚੱਲਣ ਦੇਣਗੇ।
ਕਿਸਾਨਾਂ ਵੱਲੋਂ ਬੈਰੀਅਰ ’ਤੇ ਧਰਨਾ ਲੱਗਾ ਕੇ ਇਸ ਨੂੰ ਬੰਦ ਕਰਵਾਉਣ ਸਬੰਧੀ ਰੋਹਨ ਰਾਜਦੀਪ ਟੋਲ ਬੈਰੀਅਰ ਦੇ ਮੈਨੇਜਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਟੋਲ ਬੈਰੀਅਰ ’ਤੇ ਹਲਕੇ ਵਾਹਨਾਂ ਦਾ ਕੋਈ ਰੇਟ ਨਹੀਂ ਵਧਾਇਆ, ਜਦੋਂ ਕਿ ਭਾਰੀ ਵਾਹਨਾਂ ’ਤੇ ਨਾ-ਮਾਤਰ ਰੇਟ ਵਧਾਏ ਗਏ ਹਨ। ਜਲਦੀ ਹੀ ਕਿਸਾਨ ਯੂਨੀਅਨ ਨੇਤਾਵਾਂ ਦੇ ਨਾਲ ਗੱਲਬਾਤ ਕਰ ਕੇ ਇਸ ਸਮੱਸਿਆ ਦਾ ਹੱਲ ਕਰ ਕੇ ਟੋਲ ਬੈਰੀਅਰ ਫਿਰ ਤੋਂ ਖੋਲ੍ਹ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ