ਦਿਨ ਦਿਹਾੜੇ ਸਲੂਨ ਵਾਲੇ ਮੁੰਡੇ ਨੂੰ ਚੁੱਕ ਕੇ ਲੈ ਗਏ ਕਾਰ ਸਵਾਰ ਨੌਜਵਾਨ

Tuesday, Mar 18, 2025 - 05:56 PM (IST)

ਦਿਨ ਦਿਹਾੜੇ ਸਲੂਨ ਵਾਲੇ ਮੁੰਡੇ ਨੂੰ ਚੁੱਕ ਕੇ ਲੈ ਗਏ ਕਾਰ ਸਵਾਰ ਨੌਜਵਾਨ

ਬਠਿੰਡਾ (ਵਿਜੇ ਵਰਮਾ) : ਸੈਲੂਨ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਮੰਗਲਵਾਰ ਦੁਪਹਿਰ ਲਗਭਗ 12 ਵਜੇ ਤੋਂ ਬਾਅਦ ਇਕ ਆਲਟੋ ਕਾਰ ਵਿਚ ਆਏ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਅਗਵਾ ਕਰ ਲਿਆ ਗਿਆ। ਦਿਨ ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਜਦੋਂ ਨੌਜਵਾਨ ਨੂੰ ਅਗਵਾ ਕੀਤਾ ਗਿਆ ਤਾਂ ਨੇੜੇ ਖੜੇ ਕੁਝ ਲੋਕਾਂ ਨੇ ਮੋਬਾਈਲ 'ਤੇ ਵੀਡੀਓ ਬਣਾ ਕੇ ਇੰਟਰਨੈਟ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਆਲਟੋ ਕਾਰ ਵਿਚ ਸਵਾਰ ਹੋ ਕੇ ਆਏ ਅਤੇ ਸੈਲੂਨ ਚਲਾਉਣ ਵਾਲੇ ਹਰਪ੍ਰੀਤ ਸਿੰਘ ਉਰਫ ਗਗਨਦੀਪ ਸਿੰਘ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਰਹੇ ਹਨ। ਹਰਪ੍ਰੀਤ ਸਿੰਘ ਬਚਾਅ ਦੀ ਅਪੀਲ ਕਰ ਰਿਹਾ ਹੈ ਪਰ ਅਗਵਾਕਾਰ ਉਸ ਨੂੰ ਕਾਰ ਵਿਚ ਬਿਠਾ ਕੇ ਭੱਜ ਜਾਂਦੇ ਹਨ।

ਇਸ ਤੋਂ ਬਾਅਦ ਪੀੜਤ ਨੌਜਵਾਨ ਦੇ ਪਰਿਵਾਰ ਨੇ ਇਹ ਜਾਣਕਾਰੀ ਥਾਣਾ ਤਲਵੰਡੀ ਸਾਬੋ ਪੁਲਸ ਨੂੰ ਦਿੱਤੀ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ 'ਚ ਨਾਕਾਬੰਦੀ ਕਰਵਾ ਕੇ ਅਗਵਾਕਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅਗਵਾ ਕਰਨ ਦੇ ਪਿੱਛੇ ਕੀ ਮਕਸਦ ਸੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਅਗਵਾਕਾਰ ਨੌਜਵਾਨ ਨੂੰ ਪਹਿਲਾਂ ਤੋਂ ਜਾਣਦੇ ਸਨ ਕਿਉਂਕਿ ਉਹ ਉਸਨੂੰ ਦੁਕਾਨ ਵਿੱਚੋਂ ਬਾਹਰ ਬੁਲਾ ਕੇ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲੈ ਗਏ।

ਮਿਲੀ ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਲਗਭਗ 12 ਵਜੇ, ਲਗਭਗ 4 ਅਣਪਛਾਤੇ ਨੌਜਵਾਨ ਆਲਟੋ ਕਾਰ (ਨੰਬਰ PB-03R-1416) ਵਿਚ ਕ੍ਰਾਊਨ ਸੈਲੂਨ, ਵਾਲਮੀਕਿ ਚੌਂਕ, ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦੇ ਨੇੜੇ ਪਹੁੰਚੇ। ਉੱਥੇ ਉਨ੍ਹਾਂ ਨੇ ਸੈਲੂਨ ਦੇ ਮਾਲਕ ਹਰਪ੍ਰੀਤ ਸਿੰਘ ਉਰਫ ਗਗਨਦੀਪ ਸਿੰਘ (ਨਿਵਾਸੀ ਪਿੰਡ ਮਲਕਾਣਾ, ਬਠਿੰਡਾ) ਨੂੰ ਅਗਵਾ ਕਰ ਲਿਆ ਅਤੇ ਮੌੜ ਮੰਡੀ ਵੱਲ ਭੱਜ ਗਏ। ਥਾਣਾ ਤਲਵੰਡੀ ਸਾਬੋ ਦੇ ਐੱਸਐੱਚਓ ਪਰਵਤ ਸਿੰਘ ਨੇ ਦੱਸਿਆ ਕਿ ਇਕ ਨੌਜਵਾਨ ਦੇ ਅਗਵਾ ਹੋਣ ਦੀ ਸੂਚਨਾ ਮਿਲੀ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Gurminder Singh

Content Editor

Related News