ਪੰਜਾਬ : ਤਨਖਾਹਾਂ ਨੂੰ ਲੈ ਕੇ ਪੈ ਗਿਆ ਪੰਗਾ, ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ
Wednesday, May 06, 2026 - 05:06 PM (IST)
ਖਮਾਣੋਂ (ਜਟਾਣਾ) : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ’ਚ ਪਿਛਲੇ ਲਗਭਗ 17-18 ਸਾਲਾਂ ਤੋਂ ਕੰਟਰੈਕਟ ਆਧਾਰਿਤ ਸੇਵਾਵਾਂ ਨਿਭਾਅ ਰਹੇ ਨਰੇਗਾ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਬੇਵੱਸ ਮੁਲਾਜ਼ਮ ਤਨਖ਼ਾਹਾਂ ਦੀ ਉਡੀਕ ’ਚ ਫਿਰ ਵੀ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਅ ਰਹੇ ਹਨ। ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਸਮੇਂ-ਸਮੇਂ 'ਤੇ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ ਤੇ ਵਿੱਤ ਕਮਿਸ਼ਨਰ ਨੂੰ ਮਿਲ ਕੇ ਬਕਾਇਆ ਤਨਖ਼ਾਹਾਂ ਤੇ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਮੰਗ ਪੱਤਰ ਵੀ ਦਿੱਤੇ ਪ੍ਰੰਤੂ ਨੌਕਰੀ ਪੱਕੀ ਕਰਨੀ ਤਾਂ ਦੂਰ ਸਗੋਂ ਪੰਜ-ਪੰਜ ਮਹੀਨੇ ਦੀ ਬਕਾਇਆ ਖੜ੍ਹੀ ਤਨਖ਼ਾਹ ਦੀ ਜ਼ਿੰਮੇਵਾਰੀ ਲੈਣ ਨੂੰ ਵੀ ਕੋਈ ਅਫ਼ਸਰ ਤਿਆਰ ਨਹੀਂ ਹੈ। ਘਰਾਂ ਦੇ ਰੋਜ਼ਾਨਾ ਖ਼ਰਚੇ, ਬੱਚਿਆਂ ਦੀਆਂ ਸਕੂਲਾਂ ਕਾਲਜਾਂ ਦੀਆਂ ਫ਼ੀਸਾਂ, ਮਾਪਿਆਂ ਦੀਆਂ ਦਵਾਈਆਂ ਤੇ ਇਲਾਜ ਕਰਵਾਉਣ ਲਈ ਨਰੇਗਾ ਮੁਲਾਜ਼ਮ ਕਰਜ਼ਾ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੇ ਪੱਧਰ 'ਤੇ ਤਬਾਦਲੇ, ਜਾਰੀ ਹੋਇਆ ਨੋਟੀਫਿਕੇਸ਼ਨ
ਸਰਕਾਰ ਵੱਲੋਂ ਦਰਜਾਚਾਰ ਮੁਲਾਜ਼ਮਾਂ ਨੂੰ ਕਣਕ ਲੈਣ ਲਈ ਕਰਜ਼ਾ ਵੀ ਦਿੱਤਾ ਜਾਂਦਾ ਹੈ ਪਰ ਨਰੇਗਾ ਮੁਲਾਜ਼ਮਾਂ ਦੀ ਤਨਖ਼ਾਹ ਨਾ ਮਿਲਣ ਕਾਰਨ ਕਣਕ ਲੈਣ ਤੋਂ ਵੀ ਵਾਂਝੇ ਰਹਿ ਗਏ ਹਨ। ਮਨਰੇਗਾ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕੇ ਜਿਨ੍ਹਾਂ ਪਰਿਵਾਰਾਂ ਦਾ ਗੁਜ਼ਾਰਾ ਸਿਰਫ਼ ਨਰੇਗਾ ਦੀ ਤਨਖ਼ਾਹ ਤੋਂ ਚੱਲਦਾ ਹੈ, ਉਨ੍ਹਾਂ ਦੇ ਹਾਲਾਤ ਬੇਹੱਦ ਤਰਸਯੋਗ ਬਣੇ ਹੋਏ ਹਨ। ਨਰੇਗਾ ਮੁਲਾਜ਼ਮਾਂ ਨੂੰ ਨਿੱਤ ਦਿਨ ਕੰਮਾਂ ਦੇ ਦਿੱਤੇ ਜਾ ਰਹੇ ਟੀਚੇ, ਉਧਾਰ ਮਟੀਰੀਅਲ ਚੁੱਕ ਕੇ ਕਰਵਾਏ ਵਿਕਾਸ ਕਾਰਜਾਂ ਦੀ ਦੋ-ਢਾਈ ਸਾਲ ਤੋਂ ਬਕਾਇਆ ਖੜ੍ਹੀ ਅਦਾਇਗੀ, ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ, ਨਰੇਗਾ ਤੋਂ ਇਲਾਵਾ ਵਿਭਾਗ ਦੇ ਹਰ ਤਰ੍ਹਾਂ ਦੇ ਵਾਧੂ ਕੰਮਾਂ ’ਚ ਡਿਊਟੀ, ਸ਼ਨੀਵਾਰ, ਐਤਵਾਰ ਤੇ ਛੁੱਟੀ ਵਾਲੇ ਦਿਨ ਵੀ ਦਫ਼ਤਰ ਬੁਲਾਉਣਾ, ਮਿਸਤਰੀਆਂ, ਪੇਂਟਰਾਂ ਨੂੰ ਪੱਲਿਉਂ ਪੈਸੇ ਦੇ ਕੰਮ ਕਰਵਾਉਣਾ, ਸਰਕਾਰ ਰਾਜਨੀਤਕ ਪ੍ਰੋਗਰਾਮਾਂ ’ਚ ਡਿਊਟੀਆਂ ਨਿਭਾਉਣ ਲਈ ਹੁਕਮਾਂ ਦੀ ਪਾਲਣਾ ਕਰਨਾ ਆਦਿ ਨਰੇਗਾ ਮੁਲਾਜ਼ਮਾਂ ਦੇ ਸ਼ੋਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਨੌਕਰੀ ਕੱਚੀ ਹੋਣ ਕਾਰਨ ਮੁਲਾਜ਼ਮ ਲੀਡਰਾਂ ਤੇ ਅਫ਼ਸਰਸ਼ਾਹੀ ਦੇ ਸ਼ੋਸ਼ਣ ਤੇ ਅੱਤਿਆਚਾਰ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਰਹੇ ਹਨ। ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਪੱਕੀਆਂ ਕਰਵਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ : ਗਰੀਬ ਦੀ ਕਿਸਮਤ ਨੇ ਮਾਰੀ ਪਲਟੀ, 200 ਰੁਪਏ ਨੇ ਬਣਾ ਦਿੱਤਾ ਕਰੋੜਪਤੀ
ਸਰਕਾਰ ਦੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਪਾਲਿਸੀ ਵੀ ਨਰੇਗਾ ਮੁਲਾਜ਼ਮਾਂ ਦਾ ਕੁੱਝ ਨਹੀਂ ਸੰਵਾਰ ਸਕੀ। ਨਵੀਂ ਪਾਲਿਸੀ ਤਹਿਤ 10 ਸਾਲ ਤੋਂ ਵੱਧ ਸਮਾਂ ਪੂਰਾ ਕਰਨ ਵਾਲੇ ਕੁੱਲ 1592 ਮੁਲਾਜ਼ਮਾਂ ਵਿਚੋਂ 641 ਨਰੇਗਾ ਦੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਦੇ ਪਹਿਲੇ ਸੈਸ਼ਨ ’ਚ ਹੀ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਕਿਾ ਕਿ 13 ਮਈ ਨੂੰ ਉਨ੍ਹਾਂ ਦੀ ਖੰਨਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ ਸੋਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
