ਅਕਾਲੀ ਆਗੂ ਤੇ ਅਰਜਨ ਐਵਾਰਡੀ ਰਿਟਾ. ਐੱਸ. ਪੀ. ਸੱਜਣ ਸਿੰਘ ਚੀਮਾ ਖ਼ਿਲਾਫ਼ ਕੇਸ ਦਰਜ
Tuesday, Jun 02, 2020 - 07:09 PM (IST)
ਸੁਲਤਾਨਪੁਰ ਲੋਧੀ (ਸੋਢੀ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਰਿਟਾਇਰਡ ਐੱਸ. ਪੀ. ਸੱਜਣ ਸਿੰਘ ਚੀਮਾ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਕੇਸ ਦਰਜ ਕੀਤਾ ਹੈ, ਜਿਸ ਦੀ ਸਿਆਸੀ ਹਲਕਿਆਂ 'ਚ ਜ਼ੋਰਦਾਰ ਚਰਚਾ ਹੋ ਰਹੀ ਹੈ। ਇਸ ਮਾਮਲੇ ਸੰਬੰਧੀ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਸਰਵਣ ਸਿੰਘ ਬੱਲ ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਮਿਤੀ 31 ਮਈ ਨੂੰ ਸਵੇਰੇ 11:30 ਵਜੇ ਕਰਮਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਨਿਵਾਸੀ 132 ਅਰਬਨ ਅਸਟੇਟ ਕਪੂਰਥਲਾ ਆਪਣੇ ਦੋਸਤ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਅਰਦਾਸ ਕਰਨ ਸੁਲਤਾਨਪੁਰ ਲੋਧੀ ਆ ਰਿਹਾ ਸੀ, ਜਦੋਂ ਉਹ ਕਾਰਗਿਲ ਪੈਟਰੋਲ ਪੰਪ, ਆਰ. ਸੀ. ਐੱਫ. ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਇਨੋਵਾ ਕਾਰ ਨੰਬਰ ਪੀ. ਬੀ. 08 ਡੀ. ਆਰ. 9900 ਨੂੰ ਸੜਕ ਕਿਨਾਰੇ ਰੋਕ ਲਿਆ। ਜਦੋਂ ਉਹ ਆਪਣੀ ਕਾਰ ਤੋਂ ਬਾਹਰ ਜਾ ਰਹੇ ਸਨ ਤਾਂ ਅਚਾਨਕ ਇਕ ਕਾਲੇ ਰੰਗ ਦੀ ਇਨੋਵਾ ਕਾਰ ਨੰਬਰ ਪੀ. ਬੀ10 ਬੀ. ਵਾਈ. 0111 ਜਿਸ ਨੂੰ ਲਾਪਰਵਾਹੀ ਨਾਲ ਰਿਟਾਇਰਡ ਐੱਸ. ਪੀ. ਸੱਜਣ ਸਿੰਘ ਚੀਮਾ ਚਲਾ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਤੇਜ਼ ਰਫਤਾਰ ਨਾਲ ਕਾਰ ਨਾਲ ਮਾਰਿਆ, ਜਿਸ ਕਾਰਨ ਕੰਵਲਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਪੰਜਾਬ ਵਿਚ ਕੋਰੋਨਾ ਦਾ ਕਹਿਰ, ਦਿਨ ਚੜ੍ਹਦੇ 13 ਪਾਜ਼ੇਟਿਵ ਮਾਮਲੇ, ਇਕ ਦੀ ਮੌਤ
ਪੀੜਤ ਕਰਮਪ੍ਰੀਤ ਸਿੰਘ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਸੱਜਣ ਸਿੰਘ ਚੀਮਾ ਖਿਲਾਫ ਐੱਫ. ਆਈ. ਆਰ. ਨੰਬਰ 164 ਧਾਰਾ 279, 337, 427 ਆਈ. ਪੀ. ਸੀ. ਦਰਜ ਕੀਤਾ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਅਰਜਨ ਐਵਾਰਡੀ ਰਿਟਾ. ਐੱਸ. ਪੀ ਸੱਜਣ ਸਿੰਘ ਚੀਮਾ ਨੇ ਦੋ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਪੁਲਸ ਅਧਿਕਾਰੀਆਂ ਖਿਲਾਫ ਪ੍ਰੈੱਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਗਾਏ ਸਨ।
ਇਹ ਵੀ ਪੜ੍ਹੋ : ਭਵਾਨੀਗੜ੍ਹ ''ਚ ਆਂਗਣਬਾੜੀ ਵਰਕਰ ਸਣੇ ਤਿੰਨ ਨੂੰ ਲੱਗੀ ਕੋਰੋਨਾ ਦੀ ਲਾਗ, ਰਿਪੋਰਟ ਆਈ ਪਾਜ਼ੇਟਿਵ