ਪੁਲਸ ਨੇ ਮਰਨ ਵਰਤ ''ਤੇ ਬੈਠੇ ਮੁਲਾਜ਼ਮ ਆਗੂ ਸੱਜਣ ਸਿੰਘ ਨੂੰ ਜਬਰੀ ਚੁੱਕਿਆ

05/04/2019 1:53:17 PM

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵੱਲੋਂ ਜਾਰੀ ਸੂਬਾ ਪੱਧਰੀ ਸੰਘਰਸ਼ ਦੇ ਤੀਜੇ ਦਿਨ ਰਾਜਧਾਨੀ ਚੰਡੀਗੜ੍ਹ 'ਚ ਸੈਕਟਰ-43 ਦੇ ਅੰਤਰਰਾਜੀ ਬੇਸ ਅੱਡੇ ਨੇੜੇ ਮਰਨ ਵਰਤ 'ਤੇ ਬੈਠੇ ਪ੍ਰਮੁੱਖ ਮੁਲਾਜ਼ਮ ਆਗੂ ਸੱਜਣ ਸਿੰਘ ਨੂੰ ਪੁਲਸ ਨੇ ਜ਼ਬਰਦਸਤੀ ਚੁੱਕ ਕੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਅੰਦੋਲਨਕਾਰੀ ਮੁਲਾਜ਼ਮਾਂ ਵੱਲੋਂ ਲਾਇਆ ਗਿਆ ਟੈਂਟ ਵੀ ਉਖਾੜ ਦਿੱਤਾ ਗਿਆ। ਇਸ ਦੇ ਵਿਰੋਧ 'ਚ ਮੁਲਾਜ਼ਮ ਭੜਕ ਉੱਠੇ ਅਤੇ ਬੱਸਾਂ ਦੀ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਚੰਡੀਗੜ੍ਹ ਤੋਂ ਲੰਬੇ ਰੂਟ 'ਤੇ ਜਾਣ ਵਾਲੀਆਂ ਬੱਸਾਂ ਕਈ ਘੰਟੇ ਬੰਦ ਰਹਿਣ ਕਾਰਨ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਪੁਲਸ ਨੇ ਆਵਾਜਾਈ 'ਚ ਵਿਘਨ ਪਾਉਣ ਆਦਿ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਜਬਰੀ ਚੁੱਕ ਕੇ ਹਸਪਤਾਲ 'ਚ ਦਾਖ਼ਲ ਕਰਵਾਏ ਸੱਜਣ ਸਿੰਘ ਨੇ ਇਲਾਜ ਕਰਵਾਉਣ ਅਤੇ ਖਾਣ-ਪੀਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਰਣਬੀਰ ਢਿੱਲੋਂ, ਸੀ.ਟੀ.ਯੂ. ਆਗੂ ਸੁਰਿੰਦਰ ਸਿੰਘ, ਰਣਜੀਤ ਰਾਣਵਾਂ ਨੇ ਸੱਜਣ ਸਿੰਘ ਨੂੰ ਮਰਨ ਵਰਤ ਤੋਂ ਜਬਰੀ ਚੁੱਕੇ ਜਾਣ ਖਿਲਾਫ਼ ਸਖਤ ਰੋਸ ਪ੍ਰਗਟ ਕਰਦਿਆਂ ਪੰਜਾਬ ਭਰ 'ਚ ਮੁੜ ਸੜਕਾਂ ਅਤੇ ਬੱਸ ਅੱਡੇ ਜਾਮ ਕਰਨ ਦਾ ਸੱਦਾ ਦਿੱਤਾ ਹੈ।

ਦੱਸਣਯੋਗ ਹੈ ਕਿ 'ਕੌਮੀ ਮਜ਼ਦੂਰ ਦਿਹਾੜੇ' ਮੌਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਾਂਗਰਸ ਦੇ ਲਾਰਿਆ ਖਿਲਾਫ ਆਰ-ਪਾਰ ਦਾ ਸੰਘਰਸ਼ ਕਰਦੇ ਹੋਏ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਵਲੋਂ ਚੰਡੀਗੜ੍ਹ ਬੱਸ ਸਟੈਂਡ ਦੇ ਬਾਹਰ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਸੱਜਣ ਸਿੰਘ ਦੇ ਮਰਨ ਵਰਤ ਦੀ ਹਮਾਇਤ 'ਚ ਬੀਤੇ ਦਿਨ ਤੋਂ ਸਮੂਹ ਜ਼ਿਲ੍ਹਿਆਂ 'ਚ ਲੜੀਵਾਰ ਭੁੱਖ-ਹੜਤਾਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੁਲਾਜ਼ਮ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਰੋਹ 'ਚ ਹਨ ਅਤੇ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਹੁਣ ਮੰਗਾਂ ਮੰਨਵਾ ਕੇ ਹੀ ਵਾਪਸ ਮੁੜਾਂਗੇ। 
 


Anuradha

Content Editor

Related News