ਕੈਪਟਨ ਦੇ ਇਕਾਂਤਵਾਸ ਹੋਣ 'ਤੇ ਕੀ ਬੋਲੇ ਖਹਿਰਾ?
Sunday, Aug 30, 2020 - 08:30 PM (IST)
ਬਾਬਾ ਬਕਾਲਾ ਸਾਹਿਬ, (ਰਾਕੇਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਮੰਤਰੀਆਂ ਤੇ ਵਿਧਾਇਕਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੈਪਟਨ ਵੱਲੋਂ ਆਪਣੇ ਆਪ ਨੂੰ ਸੱਤ ਦਿਨਾਂ ਲਈ ਇਕਾਂਤਵਾਸ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ, 'ਤੇ ਟਿਪਣੀ ਕਰਦਿਆਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਪੰਜਾਬ ਏਕਤਾ ਪਾਰਟੀ ਦੇ ਸੂਬਾਈ ਆਗੂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਇਸ ਤੋਂ ਪਹਿਲਾਂ ਕਿਹੜੇ ਠੀਕਰੀ ਪਹਿਰੇ 'ਤੇ ਡਿਊਟੀ ਕਰਦੇ ਸੀ, ਉਹ ਤਾਂ ਪਿੱਛਲੇ ਸਾਢੇ ਤਿੰਨ ਸਾਲਾਂ ਤੋਂ ਹੀ ਇਕਾਂਤਵਾਸ ਵਜੋਂ ਰਹਿ ਰਹੇ ਹਨ। ਖਹਿਰਾ ਵੱਲੋਂ ਸਾਡੇ ਇੱਕ ਪ੍ਰਤੀਨਿਧੀ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਆਮ ਜਨਤਾ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕੀ ਹੱਲ ਕਰਨਾ ਸੀ, ਬਲਕਿ ਉਹ ਆਪਣੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਵੀ ਮਿਲਣਾ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਕਿਹਾ ਕਿ ਹੁਣ ਜਦਕਿ ਕਈ ਵਿਧਾਇਕਾਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਕੈਪਟਨ ਨੂੰ ਕਈ ਸੁਆਲ ਪੁਛਣੇ ਸਨ, ਤਾਂ ਉਨ੍ਹਾਂ ਨੇ ਸੈਸ਼ਨ ਨੂੰ ਛੋਟਾ ਤੇ ਸੀਮਿਤ ਰੱਖ ਕੇ ਆਪਣੇ ਆਪ ਨੂੰ ਇਸ ਚਰਚਾ ਤੋਂ ਪਰੇ ਰਹਿਣ ਦਾ ਫੈਸਲਾ ਕੀਤਾ ਹੋਇਆ ਸੀ ਅਤੇ ਇਸ ਤੋਂ ਵਧੇਰੇ ਕਿ ਉਹ ਕਿਸੇ ਦੇ ਫੋਨ ਨੂੰ ਵੀ ਅਟੈਂਡ ਕਰ ਸਕਣ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਕਾਂਤਵਾਸ 'ਚ ਰਹਿਣਾ ਹੀ ਪਸੰਦ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸੂਬਾ ਇਸ ਵੇਲੇ ਗਰੀਬੀ ਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੇ ਵੀ ਦੁਨੀਆਂ ਨੂੰ ਜਕੜ ਕੇ ਰੱਖਿਆ ਹੋਇਆ ਹੈ, ਪਰ ਕੈਪਟਨ ਸਰਕਾਰ ਅਜਿਹੇ ਸੰਭਾਵੀ ਮਰੀਜ਼ਾਂ ਦਾ ਇਲਾਜ਼ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਿਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ, ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਵਿਚ ਕੋਰੋਨਾ ਦਾ ਪ੍ਰਭਾਵ ਵੱਧਣ ਕਾਰਨ ਉਚ ਅਧਿਕਾਰੀ ਆਪਣੇ ਦਫਤਰਾਂ 'ਚ ਜਾਣ ਦੀ ਬਜਾਏ ਘਰਾਂ 'ਚ ਬੈਠੇ ਹੋਏ ਹਨ, ਪਰ ਉਨ੍ਹਾਂ ਨੂੰ ਇਹ ਨਹੀ ਪਤਾ ਕਿ ਉਨ੍ਹਾਂ ਦੇ ਘਰ ਬੈਠਣ ਨਾਲ ਵੱਖ-ਵੱਖ ਕੰਮਾਂ ਨਾਲ ਜੁੜੇ ਸੂਬੇ ਦੇ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਹਨ।
ਖਹਿਰਾ ਆਏ ਡਿਪੂ ਹੋਲਡਰਾਂ ਦੀ ਹਮਾਇਤ 'ਚ
ਖਹਿਰਾ ਨੇ ਸੂਬੇ ਭਰ ਦੇ ਡਿਪੂ ਹੋਲਡਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕੀਤੀਆਂ ਜਾ ਰਹੀਆਂ ਬੇਨਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਪ੍ਰਵਾਨ ਕਰਕੇ ਇਹ ਸਾਬਿਤ ਕਰ ਦਿਤਾ ਹੈ, ਕਿ ਕਾਂਗਰਸ ਸਰਕਾਰ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੇ ਨਾਲ-ਨਾਲ ਕੋਰੋਨਾ ਵੀ ਵੰਡ ਰਹੀ ਹੈ, ਕਿਉਂਕਿ ਡਿਪੂ ਹੋਲਡਰਾਂ ਕੋਲ ਕਣਕ ਲੈਣ ਲਈ ਪੁੱਜਣ ਵਾਲੇ ਲੋਕਾਂ ਦੀ ਨਫਰੀ ਭਾਰੀ ਤਦਾਦ 'ਚ ਹੁੰਦੀ ਹੈ ਅਤੇ ਅਥਾਹ ਭੀੜ ਵੀ ਜਮ੍ਹਾਂ ਹੁੰਦੀ ਹੈ, ਪਰ ਕਣਕ ਵੰਡਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਦੀ ਵਰਤੋਂ ਨੂੰ ਲਾਜਮੀ ਕਰਨਾ, ਇਸ ਮਹਾਮਾਰੀ 'ਚ ਅੱਗ 'ਤੇ ਘਿਉਂ ਪਾਉਣ ਦਾ ਕੰਮ ਕਰੇਗੀ। ਖਹਿਰਾ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ 26 ਹਜ਼ਾਰ ਡਿਪੂ ਹੋਲਡਰ ਵੀ ਕੋਰੋਨਾ ਪਾਜ਼ੇਟਿਵ ਹੋ ਕੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੱਖਾਂ ਲੋਕ ਵੀ ਇਸ ਲਪੇਟ 'ਚ ਆ ਜਾਣ। ਅੰਤ ਵਿਚ ਖਹਿਰਾ ਨੇ ਕਿਹਾ ਕਿ ਸੂਬੇ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਰਵੱਈਆ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀ ਹੈ, ਜੋ ਆਪਣੇ ਮਹਿਕਮੇ ਨਾਲ ਸਬੰਧਤ ਡਿਪੂ ਹੋਲਡਰਾਂ ਦੀ ਸਾਰ ਲੈਣ ਦੀ ਬਜਾਏ ਉਨ੍ਹਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ ਅਤੇ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਕਿਸੇ ਵੀ ਮੰਗ ਨੂੰ ਦੁਹਰਾਇਆ ਤਾਂ ਉਨ੍ਹਾਂ ਦੇ ਡਿਪੂ ਮਨਸੂਖ ਕਰ ਦਿਤੇ ਜਾਣਗੇ।