ਨਿਗਮ ਚੋਣਾਂ ਨੂੰ ਲੈ ਕੇ 'ਧਰਮਸੋਤ' ਦਾ ਸੁਖਬੀਰ 'ਤੇ ਪਲਟਵਾਰ, ਸੁਣਾਈਆਂ ਖ਼ਰੀਆਂ-ਖ਼ਰੀਆਂ
Monday, Jan 18, 2021 - 09:13 AM (IST)
 
            
            ਮੋਹਾਲੀ (ਨਿਆਮੀਆਂ) : ਸੁਖਬੀਰ ਬਾਦਲ 17 ਫਰਵਰੀ ਦੀ ਉਡੀਕ ਕਰਨ, ਸਭ ਭੁਲੇਖ਼ੇ ਦੂਰ ਹੋ ਜਾਣਗੇ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਨਗਰ ਨਿਗਮ ਤੇ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਦੀਆਂ ਜ਼ਮਾਨਤਾਂ ਜ਼ਬਤ ਹੋਣ ਸਬੰਧੀ ਦਿੱਤੇ ਗਏ ਬਿਆਨ 'ਤੇ ਪਲਟਵਾਰ ਕਰਦਿਆਂ ਆਖੀ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੂੰ ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ, ਉਸ ਪਾਰਟੀ ਦੇ ਪ੍ਰਧਾਨ ਵੱਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦੇ ਕੀਤੇ ਜਾ ਰਹੇ ਦਾਅਵੇ ਕਿੰਨੇ ਕੁ ਸੱਚੇ ਸਾਬਤ ਹੋ ਸਕਦੇ ਹਨ, ਇਹ ਹਰ ਵਿਅਕਤੀ ਚੰਗੀ ਤਰ੍ਹਾਂ ਸਮਝ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ 3 ਦਿਨਾਂ ਅੰਦਰ ਮਿਲੇਗਾ ਆਪਣਾ ਹੱਕ, ਸਰਕਾਰ ਨੇ ਕੀਤਾ ਵੱਡਾ ਐਲਾਨ
ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਕ ਰਿਪੋਰਟ ਦੇ ਸਰਵੇ ਕਿ ਕਾਂਗਰਸ ਪਾਰਟੀ ਤੋਂ ਲੋਕ ਖੁਸ਼ ਨਹੀਂ ਹਨ, 'ਚ ਕੋਈ ਸੱਚਾਈ ਨਹੀਂ ਆਖੀ ਜਾ ਸਕਦੀ ਕਿਉਂਕਿ ਪਹਿਲਾਂ ਵੀ ਬੀਤੇ ਸਮੇਂ ਦੌਰਾਨ ਕਈ ਤਰ੍ਹਾਂ ਦੇ ਸਰਵੇ ਹੁੰਦੇ ਰਹੇ ਹਨ ਪਰ ਇਹ ਸਰਵੇ ਜ਼ਿਆਦਾਤਰ ਸੱਚ ਤੋਂ ਦੂਰ ਹੀ ਸਾਬਤ ਹੋਏ ਹਨ। ਇਸ ਲਈ ਸੁਖਬੀਰ ਬਾਦਲ ਵੱਲੋਂ ਜਿੱਤ ਦੇ ਕੀਤੇ ਜਾ ਰਹੇ ਦਾਅਵਿਆਂ 'ਚ ਕੋਈ ਸੱਚਾਈ ਨਹੀਂ ਹੈ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸੁਫ਼ਨੇ ਵੇਖਣ ਦੀ ਆਦਤ ਹੈ ਅਤੇ ਇਹ ਵੀ ਉਸ ਦਾ ਇਕ ਸੁਫ਼ਨਾ ਹੀ ਹੈ, ਜੋ 17 ਫਰਵਰੀ ਨੂੰ ਸੁਫ਼ਨਾ ਬਣ ਕੇ ਹੀ ਰਹਿ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਸੁਰਖ਼ੀਆਂ ਬਣੀ 51 ਲੱਖ ਦੀ 'ਸਰਸਵਤੀ ਮੱਝ' 'ਤੇ ਫਿਰ ਟਿਕੀਆਂ ਸਭ ਦੀਆਂ ਨਜ਼ਰਾਂ
ਇਕ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਕੇਂਦਰ ਸਰਕਾਰ ਵੱਲੋਂ ਇਕ ਸੋਚੀ-ਸਮਝੀ ਸਾਜਿਸ਼ ਤਹਿਤ ਅੰਦੋਲਨਕਾਰੀਆਂ ਦੀ ਸਹਾਇਤਾ ਕਰਨ ਵਾਲੇ ਸਮਾਜ ਸੇਵੀਆਂ ਨੂੰ ਐੱਨ. ਆਈ. ਏ. ਵੱਲੋਂ ਨੋਟਿਸ ਭੇਜੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਡਰਾ-ਧਮਕਾ ਕੇ ਅੰਦੋਲਨ ਨੂੰ ਫੇਲ੍ਹ ਕੀਤਾ ਜਾ ਸਕੇ, ਪਰ ਨਾਲ ਹੀ ਸਰਦਾਰ ਧਰਮਸੋਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿੰਨੀਆਂ ਮਰਜ਼ੀ ਚਾਲਾਂ ਚੱਲ ਲਵੇ, ਪਰ ਉਹ ਕਿਸੇ 'ਚ ਵੀ ਸਫ਼ਲ ਨਹੀਂ ਹੋਵੇਗੀ, ਕਿਉਂਕਿ ਇਸ ਤੋਂ ਪਹਿਲਾਂ ਵੀ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰ ਕੇ ਅਤੇ ਛਾਪੇਮਾਰੀ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਇਸ ਜ਼ਿਲ੍ਹੇ 'ਚ ਹੋਈ ਐਂਟਰੀ!
ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਅਸਲ 'ਚ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਅੰਦੋਲਨ ਅੱਗੇ ਹਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣਾ ਹੰਕਾਰ ਛੱਡ ਕੇ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਸੁਹਿਰਦਤਾ ਵਿਖਾਉਣੀ ਚਾਹੀਦੀ ਹੈ ਤਾਂ ਜੋ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਲੜ ਰਹੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            