ਰਾਹੁਲ ਦੀ ਰੈਲੀ ''ਚ ਪੁੱਜਣ ਲਈ ਤੁਰਿਆ ਧਰਮਸੋਤ ਦਾ ਕਾਫ਼ਲਾ, ਮੰਤਰੀ ਨੇ ਖੁਦ ਚਲਾਇਆ ਟਰੈਕਟਰ
Monday, Oct 05, 2020 - 02:15 PM (IST)
ਨਾਭਾ (ਰਾਹੁਲ) : ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮਾਣਾ ਵਿਖੇ ਪਹੁੰਚ ਰਹੇ ਹਨ। ਰਾਹੁਲ ਗਾਂਧੀ ਦੀ ਰੈਲੀ 'ਚ ਸ਼ਾਮਲ ਹੋਣ ਲਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 1000 ਦੇ ਕਰੀਬ ਟਰੈਕਟਰ ਸਮਾਣਾ ਲਈ ਰਵਾਨਾ ਹੋਏ। ਇਸ ਮੌਕੇ ਸਾਧੂ ਸਿੰਘ ਧਰਮਸੋਤ ਖ਼ੁਦ ਟਰੈਕਟਰ ਚਲਾ ਕੇ ਆਪਣੇ ਕਾਫ਼ਲੇ 'ਚ ਸ਼ਾਮਲ ਹੋਏ। ਕੈਬਨਿਟ ਮੰਤਰੀ ਨੇ ਭਾਜਪਾ ਅਤੇ ਅਕਾਲੀ ਦਲ 'ਤੇ ਤਿੱਖੇ ਹਮਲੇ ਵੀ ਕੀਤੇ।
ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੇ ਕੋਨੇ-ਕੋਨੇ 'ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕਰਨਗੇ ਅਤੇ ਨਰਿੰਦਰ ਮੋਦੀ ਵੱਲੋਂ ਜੋ ਆਰਡੀਨੈਂਸ ਪਾਸ ਕੀਤੇ ਗਏ ਹਨ, ਉਹ ਬਿਲਕੁਲ ਹੀ ਕਿਸਾਨਾਂ ਦੇ ਖ਼ਿਲਾਫ਼ ਹਨ, ਜਿਨ੍ਹਾਂ ਦਾ ਕਾਂਗਰਸ ਪਾਰਟੀ ਵਿਰੋਧ ਕਰਦੀ ਹੈ। ਇਸ ਆਰਡੀਨੈਂਸ ਦੇ ਨਾਲ ਜਿੱਥੇ ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਕਮਜ਼ੋਰ ਹੋਣਗੇ, ਉੱਥੇ ਹੀ ਟਰਾਂਸਪੋਰਟ 'ਤੇ ਵੀ ਅਸਰ ਪਵੇਗਾ।
ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਟਰੈਕਟਰ ਰੈਲੀ ਦੇ ਦੌਰਾਨ ਕਾਲੀਆਂ ਝੰਡੀਆਂ ਦਿਖਾਉਣ 'ਤੇ ਧਰਮਸੋਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਣਾ ਬਿਲਕੁਲ ਸਹੀ ਹੈ। ਭਾਜਪਾ ਵੱਲੋਂ ਸਿੱਧੂ 'ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਜਾ ਰਹੇ ਹਨ ਕਿ ਉਹ ਦੁਬਾਰਾ ਭਾਜਪਾ ਪਾਰਟੀ 'ਚ ਜਾਣਗੇ ਤਾਂ ਧਰਮਸੋਤ ਨੇ ਕਿਹਾ ਕਿ ਭਾਜਪਾ ਇਹ ਭੁਲੇਖਾ ਕੱਢ ਦੇਵੇ ਕਿਉਂਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਸਟੇਜ 'ਤੇ ਭਾਜਪਾ ਨੂੰ ਆੜੇ ਹੱਥੀਂ ਲਿਆ।