ਕੇਂਦਰ ਨੇ ਵਿਸ਼ੇਸ਼ ਪੈਕੇਜ ਤਾਂ ਕੀ ਦੇਣਾ, ਬਕਾਇਆ ਹੀ ਮੋੜ ਦੇਵੇ : ਧਰਮਸੋਤ
Saturday, May 02, 2020 - 01:11 PM (IST)
ਨਾਭਾ (ਭੂਪਾ) : ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰੇਬਾਜ਼ੀ ਕੀਤੀ ਹੈ ਅਤੇ ਹੁਣ ਵੀ ਕਰ ਰਿਹਾ ਹੈ। ਇਹ ਵਿਚਾਰ ਨਾਭਾ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰ ਨੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਤਾਂ ਕੀ ਦੇਣਾ ਹੈ, ਉਹ ਸਿਰਫ ਕੇਂਦਰ ਕੋਲ ਪੰਜਾਬ ਦੇ ਜੀ. ਐੱਸ. ਟੀ. ਸਮੇਤ ਪਏ 4400 ਕਰੋੜ ਦੇ ਪਏ ਹੋਰ ਬਕਾਏ ਦਾ ਭੁਗਤਾਨ ਹੀ ਕਰ ਦੇਵੇ। ਕੈਬਨਿਟ ਮੰਤਰੀ ਧਰਮਸੋਤ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਸ਼ੁਰੂ ਤੋਂ ਹੀ ਮਤਰੇਆ ਸਲੂਕ ਕਰਦੀ ਆ ਰਹੀ ਹੈ। ਪਿਛਲੇ ਦਿਨੀਂ ਕੇਂਦਰ ਵੱਲੋਂ ਰਿਲੀਜ਼ ਕੀਤੀ ਰਾਸ਼ੀ ਪੰਜਾਬ ਦੇ ਜੀ. ਐੱਸ. ਟੀ. ਅਤੇ ਪੋਸਟ ਸਕਾਲਰਸ਼ਿਪ ਦੀ ਹੀ ਬਕਾਇਆ ਰਾਸ਼ੀ ਹੈ ਜਿਸ ਨੂੰ ਅਕਾਲੀ ਅਤੇ ਭਾਜਪਾ ਵਾਲੇ ਕੋਰੋਨਾ ਦੀ ਮਾਹਾਮਾਰੀ ਲਈ ਜਾਰੀ ਵਿਸ਼ੇਸ਼ ਪੈਕੇਜ ਵਜੋਂ ਪ੍ਰਚਾਰ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ।
ਉਨ੍ਹਾਂ ਕੇਂਦਰੀ ਮਹਿਲਾ ਮੰਤਰੀ ਹਰਸਿਮਰਤ ਬਾਦਲ ਦਾ ਨਾਮ ਨਾ ਲੈਂਦਿਆਂ ਕਿਹਾ ਕਿ ਕੇਂਦਰ ਦੀ ਸੱਤਾ ਦਾ ਆਨੰਦ ਮਾਣ ਰਹੇ ਆਗੂਆਂ ਨੇ ਅੱਜ ਤੱਕ ਇਕ ਕਾਣੀ ਕੋਡੀ ਵੀ ਕੇਂਦਰ ਤੋਂ ਪੰਜਾਬ ਲਈ ਨਹੀ ਲਿਆਂਦੀ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਧਰਮਸੋਤ ਨੇ ਸਥਾਨਕ ਮਾਰਕਿਟ ਕਮੇਟੀ ਦਫਤਰ ਵਿਖੇ ਤਿਰੰਗਾ ਲਹਿਰਾਇਆ ਅਤੇ 'ਪੰਜਾਬ ਵੀ ਭਾਰਤ ਦਾ ਹਿੱਸਾ ਹੈ' ਅਤੇ 'ਜੈ ਹਿੰਦ' ਦੇ ਨਾਅਰੇ ਵੀ ਲਗਾਏ। ਇਸ ਮੌਕੇ ਹਾਜ਼ਰ ਰਹੇ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਮਾਰਕਿਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਦੁਲੱਦੀ ਅਤੇ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਅਮਰਦੀਪ ਖੰਨਾ ਦੀ ਮੋਜੂਦਗੀ ਵਿੱਚ ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੇ ਆਜਾਦੀ ਵੇਲੇ ਦੀ ਵੰਡ, ਪਾਕਿਸਤਾਨ ਨਾਲ ਦੋ ਲੜਾਈਆਂ ਤੋ ਬਾਦ ਅੱਤਵਾਦ ਦਾ ਸੰਤਾਪ ਵੀ ਭੋਗਿਆ ਹੈ ਜਦਕਿ ਮੋਜੂਦਾ ਸਮੇਂ ਪੰਜਾਬ ਕਰੋਨਾ ਮਹਾਮਾਰੀ ਨਾਲ ਸੰਘਰਸ਼ ਕਰ ਰਿਹਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਸਿਰਫ ਭਾਜਪਾ ਦੇ ਨਹੀ ਬਲਕਿ ਦੇਸ਼ ਦੇ ਪ੍ਰਧਾਨਮੰਤਰੀ ਹਨ। ਉਨ੍ਹਾਂ ਨੂੰ ਭਾਜਪਾ ਸ਼ਾਸ਼ਤ ਪ੍ਰਦੇਸ਼ਾਂ ਦੀ ਵਿਤਕਰੇਬਾਜੀ ਤੋ ਉਪਰ ਹੋ ਕੇ ਪੂਰੇ ਦੇਸ਼ ਦੇ ਸੂਬਿਆਂ ਨੂੰ ਰਾਹਤ ਫੰਡ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਪੂਰਾ ਦੇਸ਼ ਇੱਕਜੁੱਟ ਹੋ ਕੇ ਕਰੋਨਾ ਖਿਲਾਫ ਇਸ ਲੜਾਈ ਵਿੱਚ ਜਿੱਤ ਹਾਸਲ ਕਰ ਸਕੀਏ।