ਅਧਿਆਪਕਾਂ ਵੱਲੋਂ ਧਰਮਸੌਤ ਦੀ ਕੋਠੀ ਦਾ ਘਿਰਾਓ

11/13/2018 7:55:20 AM

ਨਾਭਾ, (ਜੈਨ)-ਇਕ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਅਧਿਆਪਕਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਸਖਤ ਸਟੈਂਡ ਲੈ ਰਹੇ ਹਨ। ਦੂਜੇ ਪਾਸੇ ਦਰਜਨਾਂ ਮੁਲਾਜ਼ਮ ਜਥੇਬੰਦੀਆਂ ਦੇ ਮੁਲਾਜ਼ਮ ਫਰੰਟ ਨੇ ਅਧਿਆਪਕਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਕੇ ਕੈਪਟਨ ਸਰਕਾਰ ਦੀਆਂ ਪਰੇਸ਼ਾਨੀਆਂ ਵਿਚ ਵਾਧਾ ਕਰ ਦਿੱਤਾ ਹੈ। ਅਧਿਆਪਕਾਂ ਨੇ ਸੋਮਵਾਰ ਸ਼ਾਮ ਅਨੇਕਾਂ ਮੁਲਾਜ਼ਮ ਜਥੇਬੰਦੀਆਂ ਨਾਲ ਮਿਲ ਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਸਥਾਨਕ ਸ਼ਿਵਾ ਐਨਕਲੇਵ ਸਥਿਤ ਕੋਠੀ ਦਾ ਘਿਰਾਓ ਕਰ ਕੇ ਪ੍ਰਸ਼ਾਸਨ ਦੀ ਨੀਂਦ ਹਰਾਮ ਕਰ ਦਿੱਤੀ। ਅੰਦੋਲਨ ਦੇ 37ਵੇਂ ਦਿਨ ਅਧਿਆਪਕਾਂ ਦੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੂਰੀਆਂ ਤਨਖਾਹਾਂ ਨਹੀਂ ਮਿਲਦੀਆਂ, ਉਦੋਂ ਤੱਕ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ। 
ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਤੇ ਸਕੱਤਰ ਦੋਵੇਂ ਤਾਨਾਸ਼ਾਹੀ ਰਵੱਈਆ ਅਪਣਾ ਕੇ ਆਗੂਆਂ ਦੇ ਤਬਾਦਲੇ ਅਤੇ ਮੁਅੱਤਲੀ  ਦੇ ਨਿਰਦੇਸ਼ ਦੇ ਰਹੇ ਹਨ।  ਸਿੱਖਿਆ ਸਕੱਤਰ ਦੀਆਂ ਕੋਝੀਆਂ ਚਾਲਾਂ ਦਾ ਮੂੰਹ-ਤੋਡ਼ ਜਵਾਬ ਦਿਆਂਗੇ। ਕੈਪਟਨ ਸਰਕਾਰ ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਨ ਦੀ ਥਾਂ ਤਨਖਾਹਾਂ ਵਿਚ 65 ਤੋਂ 75 ਫੀਸਦੀ ਕਟੌਤੀ ਕਰਨ ਅਤੇ 5178 ਅਧਿਆਪਕਾਂ ਨੂੰ ਨਿਯੁਕਤੀ-ਪੱਤਰ ਵਿਚ ਦਰਜ ਸ਼ਰਤਾਂ ਅਨੁਸਾਰ ਨਵੰਬਰ 2017 ਤੋਂ ਰੈਗੂਲਰ ਕਰਨ ਤੋਂ ਪਿੱਛੇ ਹਟ ਗਈ ਹੈ। ਸਰਕਾਰ ਨੇ 5 ਨਵੰਬਰ ਦੀ ਮੀਟਿੰਗ ਰੱਦ ਕਰ ਕੇ ਨਾਦਰਸ਼ਾਹੀ ਵਿਹਾਰ ਕੀਤਾ ਹੈ। ਇਸ ਦਾ ਖਮਿਆਜ਼ਾ ਕੈਪਟਨ ਸਰਕਾਰ ਨੂੰ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। 
ਸਟੇਟ ਆਗੂ ਬਿਕਰਮਦੇਵ ਸਿੰਘ, ਜੀ. ਟੀ. ਯੂ. ਦੇ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ, ਜੰਗਲਾਤ ਵਿਭਾਗ ਦੇ ਆਗੂ ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਕੈਪਟਨ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਦਾ ਪਿਟ ਸਿਆਪਾ ਕੀਤਾ ਗਿਆ। 
ਧਰਨੇ ਕਾਰਨ ਸਵੇਰੇ 11 ਵਜੇ ਤੋਂ ਹੀ ਕੋਠੀ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਾ ਕੇ ਭਾਰੀ ਪੁਲਸ ਫੋਰਸ/ਕਮਾਂਡੋਜ਼ ਤਾਇਨਾਤ ਕਰ ਦਿੱਤੇ ਗਏ ਸਨ। ਲੇਡੀ ਪੁਲਸ ਫੋਰਸ ਵੀ ਤਾਇਨਾਤ ਸੀ। ਐੈੱਸ. ਡੀ. ਐੈੱਮ. ਕਾਲਾ ਰਾਮ ਕਾਂਸਲ ਤੋਂ ਇਲਾਵਾ ਡੀ. ਐੈੱਸ. ਪੀ. ਤੇ ਚਾਰ ਥਾਣਿਆਂ ਦੇ ਐੈੱਸ. ਐੈੱਚ. ਓਜ਼ ਦੀ ਅਗਵਾਈ ਹੇਠ ਲਗਭਗ 250 ਪੁਲਸ ਜਵਾਨ ਕੈਬਨਿਟ ਮੰਤਰੀ ਦੀ ਕੋਠੀ ਲਾਗੇ ਤਾਇਨਾਤ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 
 


Related News