ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ ਜਵਾਈ, ਸਹੁਰੇ ਘਰ ਨਹੀਂ ਵੱਸਣ ਦੇ ਰਹੇ, ਇੰਨੀ ਜਲਦੀ ਮੈਂ...
Thursday, Jun 19, 2025 - 01:19 PM (IST)

ਮੋਹਾਲੀ (ਜੱਸੀ) : ਅਬੋਹਰ ਦੇ ਰਹਿਣ ਵਾਲੇ ਵਿਅਕਤੀ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (30) ਵਜੋਂ ਹੋਈ ਹੈ, ਜੋ ਸਹੁਰੇ ਪਰਿਵਾਰ ਨਾਲ ਪਿੰਡ ਮਟੌਰ ਵਿਖੇ ਰਹਿ ਰਿਹਾ ਸੀ। ਘਟਨਾ ਇਕ ਜੂਨ ਦੀ ਹੈ ਅਤੇ ਲਾਸ਼ ਮੰਗਲਵਾਰ ਨੂੰ ਬਰਾਮਦ ਹੋਈ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਗੁਰਵਿੰਦਰ ਸਿੰਘ ਦਾ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਜ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਰਹਿਣਗੇ ਬੰਦ
ਉਹ ਪਹਿਲਾਂ ਨਸ਼ਾ ਕਰਦਾ ਸੀ, ਜਿਸ ਕਾਰਨ ਭਾਬੀ ਬੱਚੇ ਨੂੰ ਲੈ ਕੇ ਪੇਕੇ ਘਰ ਪਿੰਡ ਮਟੌਰ ਚਲੀ ਗਈ। ਉਸ ਦੀ ਸ਼ਰਤ ਸੀ ਕਿ ਜੇਕਰ ਉਹ ਨਸ਼ਾ ਛੱਡ ਦੇਵੇਗਾ ਤਾਂ ਹੀ ਉਹ ਵਾਪਸ ਆ ਜਾਵੇਗੀ। ਉਨ੍ਹਾਂ ਗੁਰਵਿੰਦਰ ਨੂੰ ਨਸ਼ਾ ਛੁਡਾਉ ਕੇਂਦਰ ’ਚ ਦਾਖ਼ਲ ਕਰਵਾ ਦਿੱਤਾ। ਉਹ 7 ਮਹੀਨੇ ਕੇਂਦਰ ’ਚ ਰਿਹਾ। ਜਦੋਂ ਠੀਕ ਹੋ ਕੇ ਆਇਆ ਤਾਂ ਪਤਨੀ ਨੇ ਵਾਪਸ ਆਉਣ ਤੋਂ ਮਨ੍ਹਾਂ ਕਰ ਦਿੱਤਾ ਅਤੇ ਕਿਹਾ ਕਿ ਉਹ ਮੋਹਾਲੀ ਆ ਕੇ ਉਸ ਨਾਲ ਰਹੇ। ਇਸ ਲਈ ਗੁਰਵਿੰਦਰ ਪਤਨੀ ਅਤੇ ਬੱਚੇ ਕੋਲ ਮੋਹਾਲੀ ਆ ਗਿਆ ਅਤੇ ਸਹੁਰੇ ਘਰ ਰਹਿਣ ਲੱਗ ਪਿਆ। ਗੁਰਵਿੰਦਰ ’ਤੇ ਸਹੁਰਾ ਪਰਿਵਾਰ ਇਸ ਗੱਲ ਲਈ ਦਬਾਅ ਪਾ ਰਿਹਾ ਸੀ ਕਿ ਉਹ ਫਲੈਟ ਖਰੀਦੇ, ਪਰ ਫਲੈਟ ਖ਼ਰੀਦਣ ’ਚ ਉਹ ਅਸਮਰੱਥ ਸੀ।
ਇਸ ਕਾਰਨ ਗੁਰਵਿੰਦਰ ਨੇ ਇਕ ਜੂਨ ਨੂੰ ਪਟਿਆਲਾ ਤੋਂ ਰਾਜਪੁਰਾ ਵਾਲੀ ਨਹਿਰ ’ਚ ਗੱਡੀ ਸਮੇਤ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ਕਾਰ ਬਰਾਮਦ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਕਾਰ 'ਚੋਂ ਗੁਰਵਿੰਦਰ ਦਾ ਪਰਸ ਅਤੇ ਮੋਬਾਇਲ ਫੋਨ ਮਿਲਿਆ ਪਰ ਲਾਸ਼ 17 ਦਿਨਾਂ ਬਾਅਦ ਮਿਲੀ। ਜਦੋਂ ਪੁਲਸ ਵੱਲੋਂ ਮੋਬਾਇਲ ਦੀ ਜਾਂਚ ਕੀਤੀ ਤਾਂ ਇਕ ਵੀਡੀਓ ਮਿਲੀ। ਇਸ ’ਚ ਗੁਰਵਿੰਦਰ ਕਹਿ ਰਿਹਾ ਸੀ ਕਿ ਸਹੁਰਾ ਪਰਿਵਾਰ ਘਰ ਵੱਸਣ ਨਹੀਂ ਦੇ ਰਿਹਾ ਅਤੇ ਨਾ ਹੀ ਉਸ ਦੇ ਪੁੱਤਰ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਨਸ਼ਾ ਵੀ ਛੱਡ ਦਿੱਤਾ ਹੈ ਅਤੇ ਉਹ ਬਿਲਕੁਲ ਠੀਕ ਹੈ ਪਰ ਸਹੁਰਾ ਪਰਿਵਾਰ ਉਸ ’ਤੇ ਫਲੈਟ ਖ਼ਰੀਦਣ ਦਾ ਦਬਾਅ ਬਣਾ ਰਿਹਾ ਹੈ। ਇੰਨੀ ਜਲਦੀ ਫਲੈਟ ਨਹੀਂ ਲੈ ਸਕਦਾ, ਜਿਸ ਕਾਰਨ ਜ਼ਿੰਦਗੀ ਨੂੰ ਖ਼ਤਮ ਕਰ ਰਿਹਾ ਹੈ। ਇਸ ਸਬੰਧੀ ਥਾਣਾ ਮਟੌਰ ਮੁਖੀ ਅਮਨਦੀਪ ਕੰਬੋਜ ਨੇ ਦੱਸਿਆ ਕਿ ਗੁਰਵਿੰਦਰ ਦੀ ਪਤਨੀ ਮਨਪ੍ਰੀਤ ਕੌਰ ਅਤੇ ਸੱਸ ਭੁਪਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8