ਅਕਾਲੀ ਆਗੂ ਕੋਲਿਆਂਵਾਲੀ ਹਸਪਤਾਲ ਤੋਂ ਛੁੱਟੀ ਲੈ ਕੇ ਫਰਾਰ

10/31/2017 1:09:38 PM

ਬਠਿੰਡਾ — ਐੱਸ. ਜੀ. ਪੀ. ਸੀ. ਮੈਂਬਰ ਤੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਦਾ ਪੁੱਤਰ ਪਰਮਿੰਦਰ ਸਿੰਘ, ਮੈਕਸ ਹਸਪਤਾਲ 'ਚੋਂ ਛੁੱਟੀ ਲੈ ਕੇ ਕਦੋਂ ਚਲਾ ਗਿਆ ਪੁਲਸ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਝਗੜੇ ਦੇ ਕੇਸ 'ਚ ਨਾਮਜ਼ਦ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਰਮਿੰਦਰ ਦੀ ਗ੍ਰਿਫਾਤਰੀ ਹੋਣੀ ਸੀ ਪਰ ਉਸ ਦੀ ਛੁੱਟੀ ਸੰਬੰਧੀ ਪੁਲਸ ਨੂੰ ਸੂਹ ਤਕ ਨਹੀਂ ਲੱਗਣ ਦਿੱਤੀ ਗਈ ਤੇ ਪਰਮਿੰਦਰ ਦੇ ਹਸਪਤਾਲ 'ਤੋਂ ਚਲੇ ਜਾਣ ਦੇ 48 ਘੰਟੇ ਬਾਅਦ ਵੀ ਮੁਕਤਸਰ ਦੇ ਪੁਲਸ ਅਧਿਕਾਰੀ ਇਹ ਕਹਿੰਦੇ ਰਹੇ ਕਿ ਉਨ੍ਹਾਂ ਨੂੰ ਪਰਮਿੰਦਰ ਸਿੰਘ ਦੀ ਛੁੱਟੀ ਸੰਬੰਧੀ ਕੁਝ ਨਹੀਂ ਪਤਾ। ਅਸਲ 'ਚ ਪਰਮਿੰਦਰ ਦੀ ਛੁੱਟੀ ਸੰਬੰਧੀ ਹਸਪਤਾਲ ਦੇ ਸਟਾਫ ਤੋਂ ਇਲਾਵਾ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ 6 ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਅਕਾਲੀ ਆਗੂ ਉਨ੍ਹਾਂ ਦਾ ਹਾਲ ਜਾਨਣ ਆ ਰਹੇ ਸਨ। ਦਿਲਚਸਪ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਦੇ ਹਸਪਤਾਲ ਤੋਂ ਛੁੱਟੀ ਲੈਣ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨਹੀਂ ਸੀ ਕਿਉਂਕਿ ਜਦੋਂ ਉਹ ਸੋਮਵਾਰ ਪਰਮਿੰਦਰ ਦਾ ਪਤਾ ਲੈਣ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਮੀਡੀਆ ਵਲੋਂ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਦੱਸਿਆ ਕਿ ਉਹ ਆਪਣੀ ਪਿੱਠ ਦਰਦ ਦਾ ਇਲਾਜ ਕਰਵਾਉਣ ਹਸਪਤਾਲ ਆਏ ਸਨ।
ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਪਰਮਿੰਦਰ ਨੂੰ ਬਠਿੰਡਾ ਦੇ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇਸ ਮਾਮਲੇ 'ਚ ਪਹਿਲਾਂ ਕਾਂਗਰਸੀ ਆਗੂ ਦੇ ਪੁੱਤਰ ਮਨਪ੍ਰੀਤ ਸਿੰਘ ਮੰਨਾ ਸਮੇਤ 15 'ਤੇ ਪਰਮਿੰਦਰ ਸਿੰਘ 'ਤੇ ਹਮਲਾ ਕਰਨ ਦਾ ਪਰਚਾ ਦਰਜ ਹੋਇਆ ਸੀ ਤੇ ਉਸ ਤੋਂ ਠੀਕ 4 ਦਿਨ ਬਾਅਦ ਪੁਲਸ ਕਮਰਚਾਰੀਆਂ ਨੇ ਕਾਂਗਰਸੀ ਵਰਕਰਾਂ ਦੀ ਸ਼ਿਕਾਇਤ 'ਤੇ ਪਰਮਿੰਦਰ ਸਿੰਘ, ਉਸ ਦੇ ਪਿਤਾ ਦਿਆਲ ਸਿੰਘ ਕੋਲਿਆਂਵਾਲੀ ਤੇ ਉਨ੍ਹਾਂ ਦੇ ਸਮਰਥਕਾਂ 'ਤੇ ਕਰਾਸ ਪਰਚਾ ਦਰਜ ਕਰਵਾ ਦਿੱਤਾ ਸੀ। ਦੋਨਾਂ ਪੱਖਾਂ ਦੇ ਕੁੱਲ 20 ਲੋਕਾਂ 'ਤੇ ਪਰਚਾ ਦਰਜ ਹੈ ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ।
ਉਥੇ ਹੀ ਜਦ ਇਸ ਸੰਬੰਧੀ ਮੁਕਤਸਰ ਦੇ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਰਮਿੰਦਰ ਦੇ ਹਸਪਤਾਲ 'ਚ ਦਾਖਲ ਹੋਣ ਦੇ ਇੰਨਪੁਟ ਹਨ ਪਰ ਛੁੱਟੀ ਕਰਕੇ ਜਾਣ ਦੀ ਜਾਣਕਾਰੀ ਨਹੀਂ ਹੈ। ਗ੍ਰਿਫਤਾਰੀ ਨਹੀਂ ਕਰਨ ਦੇ ਸਵਾਲ 'ਤੇ ਉਨ੍ਹਾਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ, ਇਧਰ ਡੀ. ਐੱਸ. ਪੀ. ਦਵਿੰਦਰ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਠਿੰਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਕਿ ਪਰਮਿੰਦਰ ਦੀ ਛੁੱਟੀ ਤੋਂ ਬਾਅਦ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਜਦ ਕਿ ਬਠਿੰਡਾ ਦੇ ਐੱਸ.ਐੱਸ. ਪੀ. ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਪਰਮਿੰਦਰ 'ਤੇ ਕੇਸ ਮੁਕਤਸਰ ਪੁਲਸ ਨੇ ਦਰਜ ਕੀਤਾ ਸੀ, ਜਦ ਕਿ ਉਹ ਬਠਿੰਡਾ ਸਿਰਫ ਇਲਾਜ ਕਰਵਾਉਣ ਆਇਆ ਸੀ।


Related News