ਅਕਾਲੀ ਆਗੂ ਦੀ ਲਾਸ਼ ਦਾ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ

Tuesday, Jan 30, 2018 - 03:27 AM (IST)

ਅਕਾਲੀ ਆਗੂ ਦੀ ਲਾਸ਼ ਦਾ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ

ਹੁਸ਼ਿਆਰਪੁਰ, (ਜ.ਬ.)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਰਹੇ 48 ਸਾਲਾ ਗੁਰਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੰਨਣ ਦਾ ਅੱਜ 3 ਡਾਕਟਰਾਂ ਦੇ ਪੈਨਲ 'ਚ ਸ਼ਾਮਲ ਡਾ. ਜਸਵਿੰਦਰ ਸਿੰਘ, ਡਾ. ਮੋਹਨਪ੍ਰੀਤ ਕੌਰ ਅਤੇ ਫਾਰਮਾਸਿਸਟ ਚਰਨਜੀਤ ਸਿੰਘ ਸਪਰਾ ਦੀ ਦੇਖ-ਰੇਖ 'ਚ ਪੋਸਟਮਾਰਟਮ ਹੋਇਆ। ਕਰੀਬ 75 ਫੀਸਦੀ ਸੜੇ ਗੁਰਨਾਮ ਸਿੰਘ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਾ ਮਿਲਣ ਤੋਂ ਸਾਫ਼ ਹੋ ਗਿਆ ਹੈ ਕਿ ਕਿਸੇ ਡੂੰਘੀ ਸਾਜ਼ਿਸ਼ ਤਹਿਤ ਗੁਰਨਾਮ ਸਿੰਘ ਦੇ ਕਿਸੇ ਜਾਣਕਾਰ ਨੇ ਹੀ ਧੋਖੇ ਨਾਲ ਉਸ ਨੂੰ ਘਰ ਤੋਂ ਕਰੀਬ 4 ਕਿਲੋਮੀਟਰ ਦੂਰ ਵਿਛੋਹੀ ਪਿੰਡ ਦੇ ਬਾਹਰ ਬੁਲਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ। ਲਾਸ਼ ਦੀ ਸ਼ਨਾਖ਼ਤ ਨਾ ਹੋ ਸਕੇ, ਨੂੰ ਧਿਆਨ 'ਚ ਰੱਖਦਿਆਂ ਕਾਤਲਾਂ ਨੇ ਮੋਟਰਸਾਈਕਲ ਦੇ ਨਾਲ-ਨਾਲ ਗੁਰਨਾਮ ਸਿੰਘ ਦੀ ਲਾਸ਼ ਨੂੰ ਬਿਨਾਂ ਕੋਈ ਠੋਸ ਸਬੂਤ ਛੱਡੇ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਹੁਣ ਸ਼ਨੀਵਾਰ ਦੁਪਹਿਰ ਬਾਅਦ ਤੋਂ ਲੈ ਕੇ ਰਾਤ 10 ਵਜੇ ਵਿਚਲੀਆਂ ਮੋਬਾਇਲ ਕਾਲਜ਼ ਦੀ ਡਿਟੇਲ ਅਤੇ ਅੰਮ੍ਰਿਤਸਰ ਸਥਿਤ ਲੈਬਾਰਟਰੀ ਤੋਂ ਸਕਿਨ ਬਰਨ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ।
ਕੀ ਹਨ ਕਤਲਕਾਂਡ ਸਬੰਧੀ ਸੁਲਗਦੇ ਸਵਾਲ : ਸੋਮਵਾਰ ਨੂੰ ਥਾਣਾ ਸਦਰ ਪੁਲਸ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਾਕੀ ਦਿਨਾਂ ਵਾਂਗ ਸ਼ਨੀਵਾਰ ਨੂੰ ਵੀ ਜਦੋਂ ਗੁਰਨਾਮ ਸਿੰਘ ਰਾਤੀਂ 10 ਵਜੇ ਆਪਣੇ ਪਿੰਡ ਤੋਂ 4 ਕਿਲੋਮੀਟਰ ਦੂਰ ਵਿਛੋਹੀ ਸਥਿਤ ਆਪਣੇ ਖੇਤਾਂ ਵੱਲ ਜਾਣ ਲੱਗਿਆ ਤਾਂ ਬਾਹਰ ਧੁੰਦ ਪਈ ਦੇਖ ਕੇ ਅਸੀਂ ਉਸ ਨੂੰ ਬਾਹਰ ਨਾ ਜਾਣ ਲਈ ਕਿਹਾ। ਇਸ ਦੇ ਬਾਵਜੂਦ ਗੁਰਨਾਮ ਸਿੰਘ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ। ਇਹੀ ਨਹੀਂ ਬਾਕੀ ਦਿਨਾਂ ਵਾਂਗ ਮ੍ਰਿਤਕ ਨਾ ਤਾਂ ਸੁਰੱਖਿਆ ਲਈ ਆਪਣੀ ਲਾਇਸੈਂਸੀ ਬੰਦੂਕ ਲੈ ਕੇ ਗਿਆ ਅਤੇ ਨਾ ਹੀ ਮੋਬਾਇਲ ਫੋਨ। ਜੇਕਰ ਮਾਮਲਾ ਖੁਦਕੁਸ਼ੀ ਦਾ ਹੁੰਦਾ ਤਾਂ ਸੜੇ ਮੋਟਰਸਾਈਕਲ ਅਤੇ ਅੱਧੀ ਸੜੀ ਲਾਸ਼ ਵਿਚਲਾ ਹਿੱਸਾ ਵੀ ਸੜਿਆ ਹੁੰਦਾ, ਜੋ ਕਿ ਨਹੀਂ ਸੀ ਸੜਿਆ। ਕੱਦ- ਕਾਠ ਦੇ ਹਿਸਾਬ ਨਾਲ ਗੁਰਨਾਮ ਨੂੰ ਕੋਈ ਇਕੱਲਾ ਵਿਅਕਤੀ ਕਾਬੂ ਨਹੀਂ ਕਰ ਸਕਦਾ ਸੀ, ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਸਾਜ਼ਿਸ਼ ਤਹਿਤ ਕਤਲ ਕਰਨ ਉਪਰੰਤ ਸਬੂਤ ਮਿਟਾਉਣ ਲਈ ਮੋਟਰਸਾਈਕਲ ਦੇ ਨਾਲ-ਨਾਲ ਉਸ ਦੀ ਲਾਸ਼ ਨੂੰ ਵੀ ਸਾੜਨ ਦੀ ਕੋਸ਼ਿਸ ਕੀਤੀ ਗਈ ਹੋਵੇਗੀ।
ਕੀ ਕਹਿੰਦੇ ਹਨ ਪਰਿਵਾਰਕ ਮੈਂਬਰ : ਸਿਵਲ ਹਸਪਤਾਲ 'ਚ ਦੁੱਖ ਪ੍ਰਗਟ ਕਰਨ ਪਹੁੰਚੇ ਸਾਬਕਾ ਮੰਤਰੀ ਤੀਕਸ਼ਣ ਸੂਦ, ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਹੋਰ ਲੋਕਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਗੁਰਨਾਮ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਕਿਉਂ ਹੋਇਆ। ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਅਤੇ ਭੈਣ ਸੁਰਿੰਦਰ ਕੌਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਕੀ ਕਹਿੰਦੇ ਹਨ ਡੀ.ਐੱਸ.ਪੀ. : ਮੌਕੇ 'ਤੇ ਮੌਜੂਦ ਡੀ.ਐੱਸ.ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੇ ਮੋਬਾਇਲ ਫੋਨ ਨੂੰ ਕਬਜ਼ੇ 'ਚ ਲੈ ਕੇ ਮਾਹਿਰਾਂ ਜ਼ਰੀਏ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਨੀਵਾਰ ਨੂੰ ਉਸ ਨੂੰ ਕਿਹੜੇ-ਕਿਹੜੇ ਨੰਬਰਾਂ ਤੋਂ ਫੋਨ ਆਏ ਸਨ। ਸਕਿੱਨ ਬਰਨ ਰਿਪੋਰਟ ਮਿਲਣ ਉਪਰੰਤ ਪਤਾ ਲੱਗੇਗਾ ਕਿ ਗੁਰਨਾਮ ਦੀ ਮੌਤ ਪਹਿਲਾਂ ਹੋਈ ਜਾਂ ਸੜਨ ਤੋਂ ਬਾਅਦ। ਅੰਤਿਮ ਸੰਸਕਾਰ ਤੋਂ ਬਾਅਦ ਪੁਲਸ ਪਰਿਵਾਰਕ ਮੈਂਬਰਾਂ ਨੂੰ ਪੁੱਛੇਗੀ ਕਿ ਗੁਰਨਾਮ ਸਿੰਘ ਦੀ ਦੁਸ਼ਮਣੀ ਕਿਸ ਨਾਲ ਸੀ ਜਾਂ ਕਿਸੇ ਨੇ ਧਮਕੀ ਤਾਂ ਨਹੀਂ ਦਿੱਤੀ ਸੀ। ਪੁਲਸ ਹਰ ਥਿਊਰੀ ਤੋਂ ਕੇਸ ਦੀ ਜਾਂਚ ਕਰੇਗੀ।


Related News