ਅਕਾਲੀ ਆਗੂ ਨੇ ਕੁੱਟ-ਕੁੱਟ ਤੋੜਿਆ ਬੱਚੇ ਦਾ ਹੱਥ
Friday, Jun 07, 2019 - 07:03 PM (IST)

ਗੁਰਦਾਸਪੁਰ : ਗੁਰਦਾਸਪੁਰ ਸ਼ੂਗਰ ਮਿਲ ਪਨਿਆੜ ਦੇ ਮੌਜੂਦਾ ਚੇਅਰਮੈਨ ਅਤੇ ਅਕਾਲੀ ਆਗੂ ਮਹਿੰਦਰਪਾਲ ਸਿੰਘ ਨੇ ਪਿੰਡ ਕੌਂਟਾ ਦੇ ਇਕ 6 ਸਾਲਾ ਬੱਚੇ ਨੂੰ ਖੇਤਾਂ ਵਿਚ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਬੱਚੇ ਦਾ ਇਕ ਹੱਥ ਟੁੱਟ ਗਿਆ। ਬੱਚੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਚੇਅਰਮੈਨ ਮਹਿੰਦਰਪਾਲ ਕੌਂਟਾ ਦੇ ਖੇਤਾਂ 'ਚੋਂ ਲੰਘ ਰਿਹਾ ਸੀ। ਇੰਨਾ ਹੀ ਨਹੀਂ ਨਾਬਾਲਿਗ ਦੇ ਰੌਲਾ ਪਾਉਣ 'ਤੇ ਉਸ ਨੂੰ ਬਚਾਉਣ ਆਈ ਮਾਂ ਨੂੰ ਵੀ ਕੌਂਟਾ ਨੇ ਥੱਪੜ ਮਾਰੇ ਅਤੇ ਧਮਕੀ ਦਿੱਤੀ ਕਿ ਜੋ ਕਰਨਾ ਹੈ ਕਰ ਲਓ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੇਰੀ ਉਪਰ ਤੱਕ ਪਹੁੰਚ ਹੈ। ਉਕਤ ਅਕਾਲੀ ਆਗੂ ਵਲੋਂ ਬੱਚੇ ਦੀ ਇੰਨੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਸ ਦੇ ਸਰੀਰ 'ਤੇ ਡੰਡਿਆਂ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ।
ਬੱਚੇ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬੇਟੇ ਨੂੰ ਲੈ ਕੇ ਸ਼ਿਕਾਇਤ ਕਰਨ ਪੁਲਸ ਕੋਲ ਗਿਆ ਤਾਂ ਉਥੇ ਉਨ੍ਹਾਂ ਨੂੰ ਰਾਜ਼ੀਨਾਮਾ ਕਰਨ ਲਈ ਕਿਹਾ ਗਿਆ। ਉਨ੍ਹਾਂ ਦੇ ਮਨ੍ਹਾ ਕਰਨ 'ਤੇ ਥਾਣਾ ਮੁਖੀ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੇ ਪਿੰਡ ਦੀ ਸਰਪੰਚ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਸੰਜੀਵ ਅਤੇ ਉਸ ਦੇ ਬੱਚੇ ਨੂੰ ਅਦਾਲਤ ਬੁਲਾ ਕੇ ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ ਨਾਲ ਮਿਲਵਾਇਆ। ਇਸ ਤੋਂ ਬਾਅਦ ਮਹਿੰਦਰਪਾਲ 'ਤੇ ਧਾਰਾ 323 ਅਤੇ ਜਵਾਈਨਲ ਜਸਟਿਸ ਐਕਟ-2015 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।