ਅਕਾਲੀ-ਕਾਂਗਰਸ ਸਰਕਾਰਾਂ ਖੇਡ ਰਹੀਆਂ ਸਨ ਫਿਕਸ ਮੈਚ, ਬੇਅਦਬੀ ਮਾਮਲੇ 'ਚ ‘ਆਪ’ ਦਿਵਾ ਰਹੀ ਇਨਸਾਫ਼ : ਚੀਮਾ

Thursday, Jul 07, 2022 - 05:37 PM (IST)

ਚੰਡੀਗੜ੍ਹ (ਬਿਊਰੋ) : ਮੋਗਾ ਦੇ ਪਿੰਡ ਮੱਲਕੇ ਵਿਚੇ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਦੋ ਡੇਰਾ ਪ੍ਰੇਮੀਆਂ ਨੂੰ ਬਰੀ ਕੀਤਾ ਗਿਆ ਹੈ। ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ ਆਏ ਇਸ ਫ਼ੈਸਲੇ ਨੂੰ ਲੈ ਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਚੀਮਾ ਨੇ ਕਿਹਾ ਕਿ ਪੰਜਾਬ ’ਚ ਆਪ ਸਰਕਾਰ ਬਣਨ ’ਤੇ ਇਨਸਾਫ਼ ਦੇਣ ਦੀ ਪ੍ਰਕਿਰਿਆ ਤੇਜ਼ ਹੋਈ ਹੈ ਤੇ ਉਸ ਦੇ ਨਤੀਜੇ ਵਜੋਂ ਅੱਜ ਅਦਾਲਤ ਨੇ ਬੇਅਦਬੀ ਦੇ ਤਿੰਨ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੈਚ ਫਿਕਸਿੰਗ ਵਾਲੀਆਂ ਸਰਕਾਰਾਂ ਪੰਜਾਬ ’ਚ ਕੰਮ ਕਰ ਰਹੀਆਂ ਸਨ, ਜਿਨ੍ਹਾਂ ’ਚ ਆਪਸੀ ਮੈਚ ਫਿਕਸਿੰਗ ਹੋਈ ਸੀ। ਅਕਾਲੀ ਦਲ ਜਦੋਂ ਆਪਣੇ ਰਾਜ ਸਮੇਂ ਮਾੜੇ ਕੰਮ, ਜਿਵੇਂ ਭ੍ਰਿਸ਼ਟਾਚਾਰ ਕਰਦਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਇਸ ਦੇ ਹਿੱਸੇ ਆਈਆਂ ਸਨ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਆਇਆ ਵੱਡਾ ਫ਼ੈਸਲਾ, ਅਦਾਲਤ ਨੇ 3 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਕਰਾਰ ਦਿੱਤਾ

ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਨਸਾਫ਼ ਲੈਣ ਲਈ ਕਾਂਗਰਸ ਨੂੰ ਜ਼ਿੰਮੇਵਾਰੀ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਵੀ ਇਸ ਸਬੰਧ ’ਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਾਈ ਤਾਂ ਉਸ ਤੋਂ ਬਾਅਦ ਪਹਿਲਾ ਫ਼ੈਸਲਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਹੈ। ਇਸ ਫ਼ੈਸਲੇ ਰਾਹੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਉਨ੍ਹਾਂ ਦੀ ਸਰਕਾਰ ਨੇ ਕਾਨੂੰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਹੈ। ਹੁਣ ਪੰਜਾਬ ’ਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਿਉਂਕਿ ਪੰਜਾਬ ’ਚ ਕਾਨੂੰਨ ਦਾ ਰਾਜ ਸਥਾਪਿਤ ਹੋ ਚੁੱਕਾ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਹਮਲਾ ਕਰਦਿਆਂ ਕਿਹਾ ਕਿ ਪੁਲਸ ਦਾ ਪਹਿਲਾਂ ਸਿਆਸੀਕਰਨ ਕੀਤਾ ਗਿਆ ਸੀ, ਉਹ ਵੀ ਪੰਜਾਬ ’ਚੋਂ ਹੁਣ ਟੁੱਟ ਚੁੱਕਾ ਹੈ ਤੇ ਇਹੀ ਕਾਰਨ ਹੈ ਕਿ 4 ਮਹੀਨਿਆਂ ਦੌਰਾਨ ਪੰਜਾਬ ’ਚ ਵੱਡੇ ਫ਼ੈਸਲੇ ਹੋਏ ਹਨ। ਉਨ੍ਹਾਂ ਕਿਹਾ ਕਿ ਚਾਹੇ ਹਾਈਕੋਰਟ ਦਾ ਫ਼ੈਸਲਾ ਹੋਵੇ ਤੇ ਚਾਹੇ ਮੋਗਾ ਅਦਾਲਤ ਦਾ, ਇਹ ਪੰਜਾਬ ਸਰਕਾਰ ਦੇ ਹੱਕ ’ਚ ਹੋਏ ਹਨ। ਮਾਨ ਸਰਕਾਰ ’ਚ ਲੋਕਾਂ ਨੂੰ ਇਨਸਾਫ਼ ਮਿਲਣ ਲੱਗ ਪਿਆ ਹੈ। ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਉਨ੍ਹਾਂ ਨੂੰ ਸਜ਼ਾ ਮਿਲਣ ਲੱਗ ਪਈ ਹੈ।  


Manoj

Content Editor

Related News