ਅਕਾਲੀ ਦਲ ਔਰਤਾਂ ਨੂੰ ਹਰ ਪੱਧਰ ’ਤੇ ਬਣਦਾ ਸਤਿਕਾਰ ਦੇਣ ਲਈ ਵਚਨਬੱਧ : ਸੁਖਬੀਰ ਬਾਦਲ

Saturday, Dec 02, 2023 - 04:29 PM (IST)

ਅਕਾਲੀ ਦਲ ਔਰਤਾਂ ਨੂੰ ਹਰ ਪੱਧਰ ’ਤੇ ਬਣਦਾ ਸਤਿਕਾਰ ਦੇਣ ਲਈ ਵਚਨਬੱਧ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪਾਰਟੀ ਸਾਰੇ ਪੱਧਰਾਂ ’ਤੇ ਔਰਤਾਂ ਨੂੰ ਸਨਮਾਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਸਤਰੀ ਅਕਾਲੀ ਦਲ ਨੂੰ ਬੇਨਤੀ ਕੀਤੀ ਕਿ ਉਹ ਮੈਂਬਰਾਂ ਦੀ ਭਰਤੀ ਕਰੇ ਤੇ ਆਉਂਦੀਆਂ ਸਥਾਨਕ ਸਰਕਾਰ ਤੇ ਪੰਚਾਇਤੀ ਚੋਣਾਂ ਲੜਨ ਦੀ ਤਿਆਰੀ ਕਰੇ। ਇੱਥੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਦੇ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਅਕਾਲੀ ਦਲ 'ਚ ਇਕ ਮਜ਼ਬੂਤ ਤੇ ਠੋਸ ਲੀਡਰਸ਼ਿਪ ਤਿਆਰ ਕਰਨ ਵਾਸਤੇ ਵਚਨਬੱਧ ਹਾਂ ਤੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰਕਿਰਿਆ 'ਚ ਸਾਡੀ ਮਦਦ ਕੀਤੀ ਜਾਵੇ।

ਉਨ੍ਹਾਂ ਨੇ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪੱਧਰਾਂ ’ਤੇ ਕਮੇਟੀਆਂ ਗਠਿਤ ਕਰਨ ਤਾਂ ਜੋ ਸਥਾਨਕ ਸਰਕਾਰ ਚੋਣਾਂ ਤੇ ਪੰਚਾਇਤ ਚੋਣਾਂ ਵਾਸਤੇ ਸਰਗਰਮ ਵਰਕਰਾਂ ਵਿਚੋਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਸੁਝਾਅ ਦਿੱਤਾ ਕਿ ਇਸਤਰੀ ਅਕਾਲੀ ਦਲ ਮਾਘੀ ਮੇਲੇ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਧੀਆਂ ਦੀ ਲੋਹੜੀ ਮਨਾਉਣ ਵਾਸਤੇ ਵੱਖਰੀ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਭਰੂਣ ਹੱਤਿਆ ਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਪੂਰੀ ਵਾਹ ਲਗਾਵੇ।

ਸੁਖਬੀਰ ਬਾਦਲ ਨੇ ਸੁਝਾਅ ਦਿੱਤਾ ਕਿ ਮੈਂਬਰਸ਼ਿਪ ਭਰਤੀ ਮਗਰੋਂ ਸਰਕਲ, ਜ਼ਿਲ੍ਹਾ ਤੇ ਸੂਬਾ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਉਸੇ ਤਰੀਕੇ ਕੀਤੀ ਜਾ ਸਕਦੀ ਹੈ, ਜਿਵੇਂ ਕਿ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਹੈ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਤਰਜ਼ੀਹ ਜ਼ਮੀਨੀ ਪੱਧਰ ’ਤੇ ਕਮੇਟੀਆਂ ਗਠਿਤ ਕਰਨਾ ਹੈ। ਇਕ ਵਾਰ ਇਹ ਪ੍ਰਕਿਰਿਆ ਪੂਰੀ ਹੋਣ ਮਗਰੋਂ ਸਰਗਰਮ ਵਰਕਰਾਂ ਵਿਚੋਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿਚ ਅਸੀਂ ਜ਼ਿਲ੍ਹਾ ਪੱਧਰੀ ਮੀਟਿੰਗਾਂ ’ਤੇ ਧਿਆਨ ਕੇਂਦਰਿਤ ਕਰਾਂਗੇ ਤਾਂ ਜੋ ਇਕਾਈਆਂ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਲੋਕਾਂ ਨੂੰ ਅਕਾਲੀ ਦਲ ਦੀਆਂ ਪੰਜਾਬ ਪੱਖੀ ਨੀਤੀਆਂ ਤੋਂ ਜਾਣੂੰ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਦੌਰ ਵਿਚ ਔਰਤਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਫੀਡਬੈਕ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸ਼ਿਕਾਇਤ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਨਹੀਂ ਦਿੱਤੇ ਜਾ ਰਹੇ, ਜਿਵੇਂ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੇ ਲਾਭ ਨਹੀਂ ਮਿਲ ਰਹੇ। ਉਨ੍ਹਾਂ ਦੱਸਿਆ ਕਿ ਇਹ ਵੀ ਸ਼ਿਕਾਇਤਾਂ ਹਨ ਕਿ ਲੱਖਾਂ ਹੀ ਆਟਾ-ਦਾਲ ਸਕੀਮ ਦੇ ਕਾਰਡ ਕੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਔਰਤਾਂ ਖ਼ਿਲਾਫ਼ ਵਿਤਕਰਾ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕਰਾਂਗੇ।
 


author

Babita

Content Editor

Related News