ਅਕਾਲੀ ਆਪਣੀ ਗੁੰਡਾਗਰਦੀ ਭੁੱਲੇ, ਧਰਨਿਆ ਦਾ ਡਰਾਮਾ ਬੰਦ ਕਰਨ : ਮੋਫਰ
Saturday, Mar 03, 2018 - 05:45 PM (IST)

ਬੁਢਲਾਡਾ (ਬਾਂਸਲ) : ਅਕਾਲੀ ਭਾਜਪਾ ਸਰਕਾਰ ਦੌਰਾਨ ਅਕਾਲੀਆਂ ਦੀ ਗੁੰਡਾਗਰਦੀ ਦੀ ਮੂੰਹ ਬੋਲਦੀਆਂ ਤਸਵੀਰਾਂ ਅਜੇ ਠੰਢੀਆਂ ਨਹੀਂ ਹੋਈਆਂ ਕਿ ਸਥਾਨਕ ਵਾਰਡ ਨੰਬਰ 2 ਦੀ ਉਪ ਚੋਣ ਦੌਰਾਨ ਅਕਾਲੀ ਦਲ ਦੀ ਗੁੰਡਾਗਰਦੀ ਮੁੜ ਦੇਖਣ ਨੂੰ ਮਿਲੀ। ਇਹ ਸ਼ਬਦ ਸ਼ਨੀਵਾਰ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਰਮਜੀਤ ਸਿੰਘ ਮੋਫਰ ਨੇ ਕਹੇ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਕਾਲੀ ਦਲ ਵੱਲੋ ਗੁੰਡਾਗਰਦੀ ਕਰਨ ਦੇ ਬਾਵਜੂਦ ਵੀ ਧਰਨਿਆਂ ਦੀ ਆੜ ਹੇਠ ਪੁਲਸ ਪ੍ਰਸ਼ਾਸ਼ਨ ਨੂੰ ਨਾਜਾਇਜ਼ ਬਦਨਾਮ ਕਰਦਿਆਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਕਾਲੀ ਦਲ ਦੀ ਗੁੰਡਾਗਰਦੀ ਦੀਆਂ ਮੂੰਹ ਬੋਲਦਿਆਂ ਤਸਵੀਰਾਂ ਜੱਗ ਜਾਹਿਰ ਹੋ ਚੁੱਕੀਆਂ ਹਨ ਕਿ ਉਨ੍ਹਾਂ ਦੇ ਵਰਕਰਾਂ ਨੇ ਮਹਿਲਾ ਪੁਲਸ ਮੁਲਾਜ਼ਮਾਂ ਤੱਕ ਦੀ ਵੀ ਕੁੱਟਮਾਰ ਕਰ ਦਿੱਤੀ। ਮੋਫਰ ਨੇ ਕਿਹਾ ਕਿ ਵਾਰਡ ਦੀ ਉਪ ਚੋਣ ਪੁਲਸ ਪ੍ਰਸ਼ਾਸਨ ਦੀ ਸੂਝ-ਬੂਝ ਨਾਲ ਸ਼ਾਂਤੀ ਨਾਲ ਨੇਪਰੇ ਚਾੜੀ ਗਈ ਹੈ, ਜਿਸ ਲਈ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਅਕਾਲੀ ਵਰਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾ ਤੋ ਬਾਝ ਆ ਜਾਣ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਕੌਂਸਲਰ ਤੀਰਥ ਸਿੰਘ ਸਵੀਟੀ, ਧੀਰਾ ਸਿੰਘ ਬੀਰੋਕੇ, ਮਨਪ੍ਰੀਤ ਮਾਨ, ਸਰਪੰਚ ਗੁਰਦੀਪ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।